ਰੈਪਰ ਤੋਂ ਨੇਤਾ ਬਣੇ 'ਬਾਲੇਨ' ਨੇ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਨੇਪਾਲ ਵਿੱਚ 'ਜੇਨ ਜ਼ੀ' (Gen Z) ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਭੇ ਹੋਣ ਦੇ ਛੇ ਮਹੀਨਿਆਂ ਬਾਅਦ ਬਾਲੇਂਦਰ ਸ਼ਾਹ 'ਬਾਲੇਨ' ਨੇ ਸ਼ੁੱਕਰਵਾਰ ਨੂੰ ਨੇਪਾਲ ਦੇ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰੈਪਰ ਤੋਂ ਨੇਤਾ ਬਣੇ ਰਾਸ਼ਟਰੀ ਸੁਤੰਤਰ ਪਾਰਟੀ (RSP) ਦੇ 35 ਸਾਲਾ ਆਗੂ ਨੇ ਸੀਤਲ ਨਿਵਾਸ ਸਥਿਤ ਰਾਸ਼ਟਰਪਤੀ ਦਫ਼ਤਰ ਵਿਖੇ ਦੁਪਹਿਰ 12 ਵੱਜ ਕੇ 34 ਮਿੰਟ ਦੇ 'ਸ਼ੁਭ ਮਹੂਰਤ' ਵਿੱਚ ਸਹੁੰ ਚੁੱਕੀ।
ਬਾਲੇਨ ਨੇਪਾਲ ਵਿੱਚ ਇਸ ਅਹੁਦੇ ਲਈ ਲੋਕਤੰਤਰੀ ਤੌਰ 'ਤੇ ਚੁਣੇ ਗਏ ਸਭ ਤੋਂ ਨੌਜਵਾਨ ਆਗੂ ਹਨ ਅਤੇ ਉਹ ਕਾਰਜਪਾਲਿਕਾ ਦਾ ਸਰਬਉੱਚ ਅਹੁਦਾ ਸੰਭਾਲਣ ਵਾਲੇ ਮਧੇਸ਼ ਖੇਤਰ ਦੇ ਪਹਿਲੇ ਵਿਅਕਤੀ ਵੀ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਸੰਵਿਧਾਨ ਦੀ ਧਾਰਾ 76 (1) ਅਨੁਸਾਰ ਸ਼ੁੱਕਰਵਾਰ ਨੂੰ 47ਵੇਂ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ।