ਬ੍ਰਿਟੇਨ ਵਿੱਚ ਮੈਨਿੰਜਾਇਟਿਸ ਨਾਲ ਇਕ ਸਾਲ ‘ਚ 159 ਮੌਤਾਂ, ਟੀਕਾਕਰਨ ਦਰ ਘਟਣ ‘ਤੇ ਚਿੰਤਾ

 ਲੈਸਟਰ (ਇੰਗਲੈਂਡ), 28 ਮਾਰਚ (ਸੁਖਜਿੰਦਰ ਸਿੰਘ ਢੱਡੇ)-
ਬ੍ਰਿਟੇਨ ਵਿੱਚ ਮੈਨਿੰਜਾਇਟਿਸ ਬਿਮਾਰੀ ਕਾਰਨ ਇਕ ਸਾਲ ਦੌਰਾਨ 159 ਲੋਕਾਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ, ਜਿਸ ਤੋਂ ਬਾਅਦ ਫਾਰਮਾਸਿਸਟਾਂ ਨੇ ਚਿੰਤਾ ਜਤਾਈ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਟੀਕਾਕਰਨ ਦੀ ਦਰ ਘਟ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਨੈਸ਼ਨਲ ਫਾਰਮੇਸੀ ਐਸੋਸੀਏਸ਼ਨ (ਐਨਪੀਏ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਟੀਕੇ ਤੋਂ ਵਾਂਝੇ ਰਹਿ ਗਏ ਕਿਸ਼ੋਰਾਂ ਲਈ ਖ਼ਾਸ ਕੈਚ-ਅਪ ਵੈਕਸੀਨੇਸ਼ਨ ਸੇਵਾ ਸ਼ੁਰੂ ਕਰੇ।
ਐਨਪੀਏ ਦੇ ਚੇਅਰਮੈਨ ਓਲਿਵਿਏ ਪਿਕਾਰਡ ਨੇ ਕਿਹਾ ਕਿ ਮੈਨਿੰਜਾਇਟਿਸ ਅਤੇ ਖਸਰੇ ਵਰਗੀਆਂ ਬਿਮਾਰੀਆਂ ਲਈ ਟੀਕਾਕਰਨ ਦਰਾਂ ਵਿੱਚ ਆ ਰਹੀ ਕਮੀ ਚਿੰਤਾਜਨਕ ਹੈ ਅਤੇ ਇਹ ਦਰਸਾਉਂਦੀ ਹੈ ਕਿ ਮੌਜੂਦਾ ਰਾਸ਼ਟਰੀ ਟੀਕਾਕਰਨ ਰਣਨੀਤੀ ਹੁਣ ਕਾਫ਼ੀ ਪ੍ਰਭਾਵਸ਼ਾਲੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਵੈਕਸੀਨ ਲੈਣ ਤੋਂ ਹਿਚਕਚਾਹਟ ਵਧ ਰਹੀ ਹੈ, ਜਿਸ ਕਾਰਨ ਬਿਮਾਰੀਆਂ ਮੁੜ ਫੈਲਣ ਦਾ ਖ਼ਤਰਾ ਵਧ ਗਿਆ ਹੈ।
ਇਹ ਮੰਗ ਉਸ ਵੇਲੇ ਕੀਤੀ ਗਈ ਹੈ ਜਦੋਂ ਇਸ ਮਹੀਨੇ ਕੈਂਟ ਵਿੱਚ ਮੈਨਿੰਜਾਇਟਿਸ ਦੇ ਫੈਲਾਅ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਆਫ ਕੈਂਟ ਵਿੱਚ ਵਿਦਿਆਰਥੀਆਂ ਲਈ ਐਮਰਜੈਂਸੀ ਟੀਕਾਕਰਨ ਅਤੇ ਐਂਟੀਬਾਇਓਟਿਕ ਮੁਹਿੰਮ ਚਲਾਈ ਗਈ।
ਇਕ ਅਧਿਐਨ ਦੇ ਅਨੁਸਾਰ 2023 ਦੌਰਾਨ ਬ੍ਰਿਟੇਨ ਵਿੱਚ ਮੈਨਿੰਜਾਇਟਿਸ ਦੇ 5,150 ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ 159 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚ 84 ਮਰਦ ਜਾਂ ਲੜਕੇ ਅਤੇ 75 ਔਰਤਾਂ ਜਾਂ ਲੜਕੀਆਂ ਸ਼ਾਮਲ ਸਨ। ਇਹ ਅਧਿਐਨ ਪ੍ਰਸਿੱਧ ਮੈਡੀਕਲ ਜਰਨਲ ਲੈਂਸੇਟ ਨਿਊਰੋਲੋਜੀ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਵਿਸ਼ਵ ਪੱਧਰ &lsquoਤੇ ਵੀ ਇਹ ਬਿਮਾਰੀ ਵੱਡੀ ਚਿੰਤਾ ਬਣੀ ਹੋਈ ਹੈ। ਅੰਕੜਿਆਂ ਮੁਤਾਬਕ 2023 ਵਿੱਚ ਦੁਨੀਆ ਭਰ ਵਿੱਚ ਮੈਨਿੰਜਾਇਟਿਸ ਦੇ 25.4 ਲੱਖ ਮਾਮਲੇ ਸਾਹਮਣੇ ਆਏ ਅਤੇ ਲਗਭਗ 2 ਲੱਖ 59 ਹਜ਼ਾਰ ਲੋਕਾਂ ਦੀ ਮੌਤ ਹੋਈ। ਵਿਸ਼ਵ ਸਿਹਤ ਸੰਸਥਾ (ਡਬਲਯੂਐਚਓ) ਨੇ 2030 ਤੱਕ ਟੀਕੇ ਨਾਲ ਰੋਕੀ ਜਾ ਸਕਣ ਵਾਲੀ ਬੈਕਟੀਰੀਅਲ ਮੈਨਿੰਜਾਇਟਿਸ ਦੇ ਮਾਮਲਿਆਂ ਵਿੱਚ 50 ਫ਼ੀਸਦੀ ਅਤੇ ਮੌਤਾਂ ਵਿੱਚ 70 ਫ਼ੀਸਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿਦਵਾਨਾਂ ਦੀ ਅਗਵਾਈ ਵਿੱਚ ਹੋਏ ਇਸ ਅਧਿਐਨ ਵਿੱਚ ਕਿਹਾ ਗਿਆ ਕਿ ਭਾਵੇਂ 1990 ਤੋਂ ਬਾਅਦ ਮੈਨਿੰਜਾਇਟਿਸ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਕੁਝ ਘਾਟ ਆਈ ਹੈ, ਪਰ ਮੌਜੂਦਾ ਗਤੀ ਨਾਲ 2030 ਤੱਕ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਲ ਦਿਖਾਈ ਦੇ ਰਿਹਾ ਹੈ।
ਮੈਨਿੰਜਾਇਟਿਸ ਨਾਉ ਸੰਸਥਾ ਦੇ ਮੁਖੀ ਡਾ. ਟੌਮ ਨੱਟ ਨੇ ਕਿਹਾ ਕਿ ਇਹ ਅੰਕੜੇ ਚੇਤਾਵਨੀ ਹਨ ਕਿ ਮੈਨਿੰਜਾਇਟਿਸ ਅਜੇ ਵੀ ਇਕ ਖ਼ਤਰਨਾਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ, ਸਿਹਤ ਪ੍ਰਣਾਲੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਟੀਕਾਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬਿਮਾਰੀ ਦੀ ਜਲਦੀ ਪਛਾਣ ਅਤੇ ਇਲਾਜ ਦੀ ਸੁਵਿਧਾ ਵਧਾਉਣੀ ਚਾਹੀਦੀ ਹੈ।
ਉੱਧਰ ਯੂਕੇ ਹੈਲਥ ਸਿਕਿਊਰਟੀ ਏਜੰਸੀ ਦੇ ਮਾਹਿਰ ਡਾ. ਸ਼ਮੇਜ਼ ਲਾਧਾਨੀ ਨੇ ਕਿਹਾ ਕਿ ਮੈਨਿੰਜਾਇਟਿਸ ਅਜੇ ਵੀ ਡਾਕਟਰਾਂ ਅਤੇ ਪਰਿਵਾਰਾਂ ਲਈ ਸਭ ਤੋਂ ਡਰਾਉਣੀਆਂ ਬਿਮਾਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਜਿੱਠਣ ਲਈ ਟੀਕਾਕਰਨ ਦਾ ਵਿਸਥਾਰ, ਬਿਹਤਰ ਟੈਸਟਿੰਗ ਅਤੇ ਇਲਾਜ ਦੀ ਪਹੁੰਚ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ।