ਮੋਦੀ ਅਤੇ ਟਰੰਪ ਵਿਚਕਾਰ ਸਾਰਥਕ ਗੱਲਬਾਤ ਹੋਈ: ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਰਥਕ ਗੱਲਬਾਤ ਹੋਈ ਹੈ। ਇਹ ਬਿਆਨ ਮੰਗਲਵਾਰ ਨੂੰ ਦੋਵਾਂ ਨੇਤਾਵਾਂ ਵਿਚਕਾਰ ਹੋਈ ਫੋਨ ਕਾਲ ਦੇ ਸੰਦਰਭ ਵਿੱਚ ਆਇਆ ਹੈ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ ਅਰਬਪਤੀ ਕਾਰੋਬਾਰੀ ਐਲਨ ਮਸਕ ਵੀ ਮੰਗਲਵਾਰ ਨੂੰ ਮੋਦੀ ਅਤੇ ਟਰੰਪ ਦੇ ਵਿਚਕਾਰ ਹੋਈ ਇਸ ਫੋਨ ਕਾਲ ਵਿੱਚ ਸ਼ਾਮਲ ਹੋਏ ਸਨ, ਜਦੋਂ ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ &rsquoਤੇ ਚਰਚਾ ਕੀਤੀ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ 'ਨਿਊਯਾਰਕ ਟਾਈਮਜ਼' ਦੀ ਰਿਪੋਰਟ &rsquoਤੇ ਟਿੱਪਣੀ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਟਰੰਪ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਵਧੀਆ ਸਬੰਧ ਹਨ ਅਤੇ ਇਹ ਇੱਕ ਸਾਰਥਕ ਗੱਲਬਾਤ ਸੀ।" ਨਿਊਯਾਰਕ ਟਾਈਮਜ਼ ਨੇ ਬੇਨਾਮ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਨੂੰ ਰਾਸ਼ਟਰਪਤੀ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਫੋਨ ਕਾਲ ਵਿੱਚ ਐਲਨ ਮਸਕ ਨੇ ਹਿੱਸਾ ਲਿਆ। ਇੱਕ ਯੁੱਧ ਦੇ ਸੰਕਟ ਦੌਰਾਨ ਦੋ ਦੇਸ਼ਾਂ ਦੇ ਮੁਖੀਆਂ ਵਿਚਕਾਰ ਗੱਲਬਾਤ ਵਿੱਚ ਇੱਕ ਨਿੱਜੀ ਨਾਗਰਿਕ ਦੀ ਇਹ ਮੌਜੂਦਗੀ ਅਸਧਾਰਨ ਮੰਨੀ ਜਾ ਰਹੀ ਹੈ।