ਨੇਪਾਲ ਦਾ ਸਾਬਕਾ ਪ੍ਰਧਾਨ ਮੰਤਰੀ ਓਲੀ ਗ੍ਰਿਫ਼ਤਾਰ

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਸ਼ਨਿਚਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਹ ਪਿਛਲੇ ਸਤੰਬਰ ਵਿੱਚ 'ਜੈਨ ਜ਼ੀ' (Gen Z) ਪ੍ਰਦਰਸ਼ਨਾਂ ਦੌਰਾਨ ਦਰਜਨਾਂ ਮੌਤਾਂ ਨੂੰ ਰੋਕਣ ਵਿੱਚ ਅਣਗਹਿਲੀ ਦੇ ਦੋਸ਼ੀ ਸਨ। ਇਸ ਹਫ਼ਤੇ ਭ੍ਰਿਸ਼ਟਾਚਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੀ ਜਾਂਚ ਕਰਨ ਵਾਲੇ ਇੱਕ ਨੇਪਾਲੀ ਪੈਨਲ ਨੇ ਸਿਫ਼ਾਰਸ਼ ਕੀਤੀ ਸੀ ਕਿ 74 ਸਾਲਾ ਓਲੀ ਵਿਰੁੱਧ ਪ੍ਰਦਰਸ਼ਨਾਂ 'ਤੇ ਹੋਈ ਸਖ਼ਤ ਕਾਰਵਾਈ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਲਈ ਮੁਕੱਦਮਾ ਚਲਾਇਆ ਜਾਵੇ।

ਦੋ ਦਿਨਾਂ ਦੀ ਅਸ਼ਾਂਤੀ ਵਿੱਚ ਕੁੱਲ 76 ਲੋਕ ਮਾਰੇ ਗਏ ਸਨ, ਜਿਸ ਕਾਰਨ ਓਲੀ ਨੂੰ ਅਸਤੀਫ਼ਾ ਦੇਣਾ ਪਿਆ ਸੀ। ਓਲੀ ਦੀ ਪਾਰਟੀ 'ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ)' ਦੇ ਸੀਨੀਅਰ ਆਗੂ ਮਿਨ ਬਹਾਦਰ ਸ਼ਾਹੀ ਨੇ ਦੱਸਿਆ, "ਉਨ੍ਹਾਂ ਨੂੰ ਅੱਜ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਲਿਜਾਇਆ ਗਿਆ।" ਪੁਲੀਸ ਬੁਲਾਰੇ ਓਮ ਅਧਿਕਾਰੀ ਨੇ ਓਲੀ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ 5 ਮਾਰਚ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।