ਅੰਮ੍ਰਿਤਸਰ ਏਅਰਪੋਰਟ ‘ਤੇ ਫਲਾਈਟ ਸੇਵਾਵਾਂ ‘ਚ ਵੱਡਾ ਬਦਲਾਅ, ਭਲਕੇ ਤੋਂ ਰੋਜ਼ਾਨਾ 8 ਘੰਟਿਆਂ ਲਈ ਬੰਦ ਰਹੇਗਾ ਰਨਵੇਅ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ &lsquoਤੇ ਗਰਮੀ ਦੇ ਸ਼ੈਡਿਊਲ ਦੌਰਾਨ ਉਡਾਣਾਂ ਦੇ ਸੰਚਾਲਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਵੱਲੋਂ ਰਨਵੇ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਕੰਮਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਰੀ NOTAM (ਨੋਟਿਸ ਟੂ ਏਅਰਮੈਨ) ਅਨੁਸਾਰ 1 ਅਪ੍ਰੈਲ 2026 ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਪੂਰੀ ਤਰ੍ਹਾਂ ਗੈਰ-ਚਾਲੂ ਰਹੇਗਾ।

ਇਸ ਸਮੇਂ ਦੌਰਾਨ ਕਿਸੇ ਵੀ ਫਲਾਈਟ ਦਾ ਸੰਚਾਲਨ ਨਹੀਂ ਹੋਵੇਗਾ। ਸਾਰੀਆਂ ਏਅਰਲਾਈਨਜ਼ ਨੇ ਆਪਣੇ ਆਉਣ ਅਤੇ ਜਾਣ ਦੇ ਸਮੇਂ ਵਿੱਚ ਬਦਲਾਅ ਕਰ ਲਿਆ ਹੈ ਅਤੇ ਫਲਾਈਟਾਂ ਬੰਦ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੀ ਚਲਾਈਆਂ ਜਾਣਗੀਆਂ। ਅੰਮ੍ਰਿਤਸਰ ਏਅਰਪੋਰਟ ਦੇ ਸਮਰ ਸ਼ੈਡਿਊਲ ਵਿੱਚ ਕੁੱਲ 62 ਫਲਾਈਟਾਂ ਸ਼ਾਮਲ ਹਨ, ਜਿਨ੍ਹਾਂ ਵਿੱਚ 40 ਘਰੇਲੂ ਅਤੇ 22 ਅੰਤਰਰਾਸ਼ਟਰੀ ਫਲਾਈਟਾਂ ਹਨ। ਇਹ ਏਅਰਪੋਰਟ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ ਅਤੇ ਪੁਣੇ ਨਾਲ ਜੁੜਿਆ ਹੋਇਆ ਹੈ, ਜਦਕਿ ਅੰਤਰਰਾਸ਼ਟਰੀ ਤੌਰ &lsquoਤੇ ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾ ਲੰਪੁਰ, ਸ਼ਾਰਜਾਹ ਅਤੇ ਬੈਂਕਾਕ ਲਈ ਉਡਾਣਾਂ ਚਲਦੀਆਂ ਹਨ।

ਏਅਰਪੋਰਟ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਰਨਵੇ ਦੀ ਰੀ-ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ, ਜੋ ਲਗਭਗ 3658 ਮੀਟਰ ਲੰਬਾ ਅਤੇ 60 ਮੀਟਰ ਚੌੜਾ ਹੈ। ਇਹ ਕੰਮ ਦੋ ਪਰਤਾਂ ਵਿੱਚ ਕੀਤਾ ਜਾਵੇਗਾ, ਜਿਸ ਨਾਲ ਵੱਡੇ ਜਹਾਜ਼ਾਂ ਜਿਵੇਂ ਬੋਇੰਗ 747-800 ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ਼ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਰਨਵੇ ਦੇ ਦੋਹਾਂ ਸਿਰਿਆਂ &lsquoਤੇ RESA (ਰਨਵੇ ਐਂਡ ਸੇਫਟੀ ਏਰੀਆ) ਨੂੰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ।