ਟਰੰਪ ਦਾ ਐਲਾਨ ਦੋ-ਤਿੰਨ ਹਫ਼ਤਿਆਂ ਵਿੱਚ ਇਰਾਨ ’ਤੇ ਹਮਲੇ ਬੰਦ ਹੋ ਜਾਣਗੇ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਇਰਾਨ &rsquoਤੇ ਆਪਣੇ ਫ਼ੌਜੀ ਹਮਲੇ ਬੰਦ ਕਰ ਸਕਦਾ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਇਸ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਕੋਈ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ।
ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, "ਅਸੀਂ ਬਹੁਤ ਜਲਦੀ (ਇਰਾਨ ਤੋਂ) ਬਾਹਰ ਨਿਕਲ ਜਾਵਾਂਗੇ।" ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਦੋ ਜਾਂ ਤਿੰਨ ਹਫ਼ਤਿਆਂ ਦੇ ਅੰਦਰ ਪੂਰੀ ਹੋ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਪਰੇਸ਼ਨ ਐਪਿਕ ਫਿਊਰੀ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਗੱਲਬਾਤ ਸਫ਼ਲ ਹੋਣੀ ਜ਼ਰੂਰੀ ਹੈ, ਤਾਂ ਟਰੰਪ ਨੇ ਕਿਹਾ ਕਿ ਅਜਿਹੀ ਕੋਈ ਸ਼ਰਤ ਨਹੀਂ ਹੈ।
ਰਾਸ਼ਟਰਪਤੀ ਟਰੰਪ ਨੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਸਲਾਹ ਕੀਤੇ ਬਿਨਾਂ ਹੀ ਇਰਾਨ ਵਿਰੁੱਧ ਜੰਗ ਛੇੜ ਦਿੱਤੀ ਸੀ ਪਰ ਹੁਣ ਜਦੋਂ ਉਹ ਇਸ ਜੰਗ ਨੂੰ ਖ਼ਤਮ ਕਰਨ ਬਾਰੇ ਸੋਚ ਰਹੇ ਹਨ, ਤਾਂ ਉਹ ਚਾਹੁੰਦੇ ਹਨ ਕਿ ਬਾਕੀ ਦੁਨੀਆ ਇਸ ਨੁਕਸਾਨ ਦੀ ਭਰਪਾਈ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇ। ਟਰੰਪ ਇਸ ਗੱਲ ਤੋਂ ਨਿਰਾਸ਼ ਹਨ ਕਿ ਯੂਰਪੀ ਦੇਸ਼ ਇਸ ਜੰਗ ਵਿੱਚ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਨਹੀਂ ਦੇ ਰਹੇ। ਉਹ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ ਕਿ ਉਨ੍ਹਾਂ ਦੇ ਫੈਸਲੇ ਕਾਰਨ ਹੋਰਮੁਜ਼ ਜਲ ਮਾਰਗ ਰਾਹੀਂ ਹੋਣ ਵਾਲੀ ਤੇਲ ਦੀ ਸਪਲਾਈ ਰੁਕ ਗਈ ਹੈ। ਭਾਵੇਂ ਟਰੰਪ ਕਹਿ ਰਹੇ ਹਨ ਕਿ ਇਰਾਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਪਰ ਅਸਲ ਵਿੱਚ ਇਰਾਨ ਤੇਲ ਦੇ ਇਸ ਸਮੁੰਦਰੀ ਮਾਰਗ ਨੂੰ ਰੋਕਣ ਵਿੱਚ ਕਾਫੀ ਹੱਦ ਤੱਕ ਸਫਲ ਰਿਹਾ ਹੈ।
ਮੰਗਲਵਾਰ ਸਵੇਰੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ &rsquoਤੇ ਅਮਰੀਕਾ ਦੇ ਪੁਰਾਣੇ ਸਾਥੀ ਫਰਾਂਸ ਅਤੇ ਬ੍ਰਿਟੇਨ ਵਿਰੁੱਧ ਭੜਾਸ ਕੱਢੀ। ਟਰੰਪ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਦਾ ਜਲ ਮਾਰਗ ਬੰਦ ਹੋਣ ਕਾਰਨ ਤੇਲ ਨਹੀਂ ਮਿਲ ਰਿਹਾ, ਖ਼ਾਸ ਕਰਕੇ ਬ੍ਰਿਟੇਨ (ਜਿਸ ਨੇ ਇਰਾਨ ਵਿਰੁੱਧ ਸਾਡਾ ਸਾਥ ਨਹੀਂ ਦਿੱਤਾ), ਉਨ੍ਹਾਂ ਲਈ ਮੇਰੇ ਕੋਲ ਦੋ ਸੁਝਾਅ ਹਨ, ਪਹਿਲਾ ਸੁਝਾਅ ਇਹ ਹੈ ਕਿ ਅਮਰੀਕਾ ਤੋਂ ਤੇਲ ਖਰੀਦੋ ਕਿਉਂਕਿ ਸਾਡੇ ਕੋਲ ਬਹੁਤ ਤੇਲ ਹੈ। ਦੂਜਾ ਇਹ ਕਿ ਥੋੜ੍ਹੀ ਹਿੰਮਤ ਦਿਖਾਓ, ਖ਼ੁਦ ਉੱਥੇ (ਹੋਰਮੁਜ਼ ਜਲ ਮਾਰਗ) ਜਾਓ ਅਤੇ ਉਸ ਰਸਤੇ &rsquoਤੇ ਕਬਜ਼ਾ ਕਰ ਲਓ।
ਇਸ ਤੋਂ ਬਾਅਦ ਉਨ੍ਹਾਂ ਨੇ ਫਰਾਂਸ &rsquoਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਦੇਸ਼ ਬਿਲਕੁਲ ਵੀ ਮਦਦਗਾਰ ਨਹੀਂ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਫਰਾਂਸ ਨੇ ਇਜ਼ਰਾਈਲ ਜਾ ਰਹੇ ਉਨ੍ਹਾਂ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਤੋਂ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ, ਜੋ ਫੌਜੀ ਸਾਮਾਨ ਨਾਲ ਲੱਦੇ ਹੋਏ ਸਨ।