ਪੰਜਾਬ ਦੇ ਪਾਣੀ ਦਾ ਸੰਕਟ-ਕੀ ਪੰਜਾਬੀ ਮਾਰੂਥਲ ਬਣਨ ਵੱਲ ਵਧ ਰਹੇ ਹਨ?
ਡਾਇਨਾਮਿਕ ਗਰਾਊਂਡਵਾਟਰ ਰਿਸੋਰਸ ਅਸੈਸਮੈਂਟ 2025 ਦੀ ਤਾਜ਼ਾ ਰਿਪੋਰਟ ਨੇ ਪੰਜਾਬੀਆਂ ਦੇ ਹੋਸ਼ ਉਡਾ ਦਿੱਤੇ ਹਨ| ਰਿਪੋਰਟ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਦਰ 156.36% ਤੱਕ ਪਹੁੰਚ ਗਈ ਹੈ, ਜੋ ਨਾ ਸਿਰਫ਼ ਗੁਆਂਢੀ ਰਾਜਾਂ ਰਾਜਸਥਾਨ ਅਤੇ ਹਰਿਆਣਾ ਤੋਂ ਵੱਧ ਹੈ, ਸਗੋਂ ਰਾਸ਼ਟਰੀ ਔਸਤ (60.6%) ਤੋਂ ਵੀ ਕਿਤੇ ਜ਼ਿਆਦਾ ਹੈ| ਇਹ ਅੰਕੜੇ ਸਿਰਫ਼ ਕਾਗਜ਼ੀ ਨਹੀਂ ਹਨ, ਸਗੋਂ ਉਸ ਭਿਆਨਕ ਸੱਚਾਈ ਦਾ ਪ੍ਰਤੀਕ ਹਨ ਕਿ ਪੰਜਾਬ ਬਹੁਤ ਤੇਜ਼ੀ ਨਾਲ ਬੰਜਰ ਹੋਣ ਵੱਲ ਵਧ ਰਿਹਾ ਹੈ| ਰਿਪੋਰਟ ਦੇ ਤੱਥ ਰੂਹ ਕੰਬਾਊ ਹਨ| ਪੰਜਾਬ ਦੇ 23 ਵਿੱਚੋਂ 20 ਜ਼ਿਲ੍ਹੇ ਓਵਰ-ਐਕਸਪਲੋਇਟਿਡ (ਅਤਿ-ਸ਼ੋਸ਼ਿਤ) ਸ਼੍ਰੇਣੀ ਵਿੱਚ ਹਨ| ਸੰਗਰੂਰ ਜ਼ਿਲ੍ਹੇ ਵਿੱਚ ਪਾਣੀ ਦੀ ਨਿਕਾਸੀ ਦਰ 309.99% ਹੈ, ਜੋ ਪੂਰੇ ਦੇਸ਼ ਵਿੱਚ ਦੂਜੇ ਨੰਬਰ ਤੇ ਹੈ| ਜਿਸ ਰਫ਼ਤਾਰ ਨਾਲ ਪੰਜਾਬੀ ਪਾਣੀ ਕੱਢ ਰਹੇ ਹਾਂ ਅਤੇ ਜਿਸ ਰਫ਼ਤਾਰ ਨਾਲ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਰਿਹਾ ਹੈ, ਉਸ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ| 
ਇਸ ਸੰਕਟ ਦੀ ਮੁੱਖ ਜੜ੍ਹ ਸਾਡਾ ਫ਼ਸਲੀ ਚੱਕਰ ਹੈ| ਝੋਨੇ ਦੀ ਖੇਤੀ ਨੇ ਪੰਜਾਬ ਦੇ ਪਾਣੀ ਨੂੰ ਨਿਗਲ ਲਿਆ ਹੈ| ਮੁਫ਼ਤ ਬਿਜਲੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਲਾਲਚ ਨੇ ਕਿਸਾਨਾਂ ਇੱਕ ਅਜਿਹੇ ਰਾਹ ਤੇ ਪਾ ਦਿੱਤਾ ਹੈ ਜਿੱਥੇ ਕਿਸਾਨ ਅਨਾਜ ਤਾਂ ਪੈਦਾ ਕਰ ਰਹੇ ਹਾਂ, ਪਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਪੀਣ ਵਾਲਾ ਪਾਣੀ ਖੋਹ ਰਹੇ ਹਨ| ਮਾਹਿਰ ਵਾਰ-ਵਾਰ ਫ਼ਸਲੀ ਵਿਭਿੰਨਤਾ ਦੀ ਗੱਲ ਕਰਦੇ ਹਨ, ਪਰ ਧਰਾਤਲ &rsquoਤੇ ਨਤੀਜੇ ਅਜੇ ਵੀ ਸਿਫ਼ਰ ਹਨ| ਪਾਣੀ ਸਿਰਫ਼ ਮੁੱਕ ਹੀ ਨਹੀਂ ਰਿਹਾ, ਸਗੋਂ ਜੋ ਬਚਿਆ ਹੈ ਉਹ ਪੀਣ ਯੋਗ ਵੀ ਨਹੀਂ ਰਿਹਾ| ਮਾਲਵਾ ਖੇਤਰ ਦੇ 53% ਨਮੂਨਿਆਂ ਵਿੱਚ ਯੂਰੇਨੀਅਮ ਅਤੇ ਹੋਰਾਂ ਵਿੱਚ ਆਰਸੈਨਿਕ ਦੀ ਮੌਜੂਦਗੀ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਪੰਜਾਬ ਵਿੱਚ ਕੈਂਸਰ ਅਤੇ ਹੋਰ ਮਾਰੂ ਬਿਮਾਰੀਆਂ ਦਾ ਪ੍ਰਸਾਰ ਕਿਉਂ ਵੱਧ ਰਿਹਾ ਹੈ| ਅਸੀਂ ਆਪਣੇ ਖੇਤਾਂ ਵਿੱਚ ਇੰਨੇ ਕੀਟਨਾਸ਼ਕ ਅਤੇ ਰਸਾਇਣ ਪਾ ਦਿੱਤੇ ਹਨ ਕਿ ਹੁਣ ਧਰਤੀ ਦੀਆਂ ਡੂੰਘੀਆਂ ਪਰਤਾਂ ਵੀ ਜ਼ਹਿਰੀਲੀਆਂ ਹੋ ਚੁੱਕੀਆਂ ਹਨ| 
ਸਰਕਾਰਾਂ ਅਤੇ ਜਨਤਾ ਦੋਵਾਂ ਨੂੰ ਹੁਣ ਕੁੰਭਕਰਨੀ ਨੀਂਦ ਵਿੱਚੋਂ ਜਾਗਣਾ ਪਵੇਗਾ| ਸਿਰਫ਼ ਬਿਆਨਬਾਜ਼ੀ ਨਾਲ ਪਾਣੀ ਨਹੀਂ ਬਚੇਗਾ| ਸਾਨੂੰ ਕੁਝ ਸਖ਼ਤ ਕਦਮ ਚੁੱਕਣੇ ਪੈਣਗੇ| ਝੋਨੇ ਦਾ ਬਦਲ ਲੱਭ ਕੇ ਕਿਸਾਨਾਂ ਨੂੰ ਦੂਜੀਆਂ ਫ਼ਸਲਾਂ &rsquoਤੇ ਐਮਐਸਪੀ ਦੀ ਗਾਰੰਟੀ ਦੇਣੀ ਪਵੇਗੀ| ਮੀਂਹ ਦੇ ਪਾਣੀ ਨੂੰ ਸੰਭਾਲਣ (Rainwater 8arvesting) ਲਈ ਪਿੰਡ-ਪਿੰਡ ਮੁਹਿੰਮ ਚਲਾਉਣੀ ਪਵੇਗੀ| ਤੁਪਕਾ ਸਿੰਚਾਈ (4rip 9rrigation) ਵਰਗੀਆਂ ਤਕਨੀਕਾਂ ਨੂੰ ਵੱਡੇ ਪੱਧਰ ਤੇ ਅਪਣਾਉਣਾ ਪਵੇਗਾ| ਜੇਕਰ ਪੰਜਾਬੀ ਅੱਜ ਵੀ ਨਾ ਸੰਭਲੇ, ਤਾਂ ਪੰਜਾਬ ਦੇ ਨਕਸ਼ੇ ਤੇ ਪੰਜ ਦਰਿਆਵਾਂ ਦੀ ਧਰਤੀ ਸਿਰਫ਼ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਜਾਵੇਗੀ ਅਤੇ ਅਸਲੀਅਤ ਵਿੱਚ ਇੱਥੇ ਸਿਰਫ਼ ਰੇਤ ਦੇ ਟਿੱਬੇ ਹੋਣਗੇ| ਪਾਣੀ ਬਚਾਉਣਾ ਹੁਣ ਸਿਰਫ਼ ਸਲਾਹ ਨਹੀਂ, ਸਗੋਂ ਹੋਂਦ ਦੀ ਲੜਾਈ ਹੈ|
ਵਿਸ਼ਵ ਆਰਥਿਕਤਾ ਤੇ ਜੰਗ ਦੇ ਬੱਦਲ ਅਤੇ ਮਹਿੰਗਾਈ ਦੁਨੀਆਂ ਦੀ ਕਮਰ ਤੋੜੇਗੀ
ਅੰਤਰਰਾਸ਼ਟਰੀ ਮੁਦਰਾ ਕੋਸ਼  ਦੀ ਤਾਜ਼ਾ ਚੇਤਾਵਨੀ ਨੇ ਦੁਨੀਆ ਭਰ ਦੇ ਅਰਥ ਸ਼ਾਸਤਰੀਆਂ ਅਤੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ| ਮੱਧ ਪੂਰਬ  ਵਿੱਚ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨੇ ਸਿਰਫ਼ ਭੂ-ਰਾਜਨੀਤਿਕ ਅਸਥਿਰਤਾ ਹੀ ਪੈਦਾ ਨਹੀਂ ਕੀਤੀ, ਸਗੋਂ ਇੱਕ ਅਜਿਹੇ ਆਰਥਿਕ ਮਹਾ-ਵਿਨਾਸ਼ ਦਾ ਸੰਕੇਤ ਦਿੱਤਾ ਹੈ ਜਿਸ ਦੀ ਮਾਰ ਸਰਹੱਦਾਂ ਤੋਂ ਪਾਰ ਹਰ ਘਰ ਦੀ ਰਸੋਈ ਤੱਕ ਪਹੁੰਚੇਗੀ| ਵਿਸ਼ਵ ਵਪਾਰ ਦੀ ਰਗ ਕਹੇ ਜਾਣ ਵਾਲੇ &lsquoਹੋਰਮੁਜ਼ ਜਲਡਮਰੂਮੱਧ&rsquo ਦਾ ਜ਼ਿਕਰ ਇਸ ਰਿਪੋਰਟ ਵਿੱਚ ਸਭ ਤੋਂ ਵੱਧ ਡਰਾਉਣਾ ਹੈ| ਜੇਕਰ ਦੁਨੀਆ ਦਾ 30% ਕੱਚਾ ਤੇਲ ਅਤੇ 20% ਕੁਦਰਤੀ ਗੈਸ  ਸਪਲਾਈ ਕਰਨ ਵਾਲਾ ਇਹ ਰਸਤਾ ਜੰਗ ਕਾਰਨ ਪ੍ਰਭਾਵਿਤ ਹੁੰਦਾ ਹੈ, ਤਾਂ ਤੇਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋਣਾ ਤੈਅ ਹੈ| ਭਾਰਤ ਵਰਗੇ ਵਿਕਾਸਸ਼ੀਲ ਦੇਸ਼, ਜੋ ਆਪਣੀ ਊਰਜਾ ਲੋੜਾਂ ਲਈ ਦਰਾਮਦ &rsquoਤੇ ਨਿਰਭਰ ਹਨ, ਲਈ ਇਹ ਸਥਿਤੀ ਕਿਸੇ ਸੁਨਾਮੀ ਤੋਂ ਘੱਟ ਨਹੀਂ ਹੋਵੇਗੀ| ਮਹਿੰਗਾ ਡੀਜ਼ਲ ਮਾਲ ਦੀ ਢੋਆ-ਢੁਆਈ ਮਹਿੰਗੀ ਕਰੇਗਾ, ਜਿਸ ਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ &rsquoਤੇ ਪਵੇਗਾ|
ਆਈਐਮਐਫ ਦੀ ਚੇਤਾਵਨੀ ਦਾ ਸਭ ਤੋਂ ਦੁਖਦ ਪਹਿਲੂ ਅਫਰੀਕਾ ਅਤੇ ਏਸ਼ੀਆ ਦੇ ਗਰੀਬ ਦੇਸ਼ਾਂ &rsquoਤੇ ਹੋਣ ਵਾਲਾ ਅਸਰ ਹੈ| ਇਹ ਮੁਲਕ ਪਹਿਲਾਂ ਹੀ ਕਰਜ਼ੇ ਅਤੇ ਗਰੀਬੀ ਨਾਲ ਜੂਝ ਰਹੇ ਹਨ| ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਖੇਤੀਬਾੜੀ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ ਅਤੇ ਉਰਵਰਕਾਂ ਦੀ ਕਿੱਲਤ ਅਨਾਜ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦੇਵੇਗੀ| ਜੇਕਰ ਖੇਤੀ ਲਾਗਤ ਵਧਦੀ ਹੈ ਅਤੇ ਪੈਦਾਵਾਰ ਘਟਦੀ ਹੈ, ਤਾਂ ਭੁੱਖਮਰੀ ਦਾ ਖ਼ਤਰਾ ਸਿਰਫ਼ ਇੱਕ ਅੰਦਾਜ਼ਾ ਨਹੀਂ ਬਲਕਿ ਇੱਕ ਕੌੜੀ ਹਕੀਕਤ ਬਣ ਸਕਦਾ ਹੈ|
ਜੰਗ ਸਿਰਫ਼ ਗੋਲੀਆਂ ਨਾਲ ਨਹੀਂ, ਸਪਲਾਈ ਚੇਨ ਰੋਕ ਕੇ ਵੀ ਲੜੀ ਜਾਂਦੀ ਹੈ| ਹੀਲੀਅਮ ਅਤੇ ਸਲਫਰ ਵਰਗੇ ਮਹੱਤਵਪੂਰਨ ਤੱਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਹਾਈ-ਟੈਕ ਉਦਯੋਗ ਜਿਵੇਂ ਕਿ ਸੈਮੀਕੰਡਕਟਰ ਅਤੇ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗੇਗਾ| ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੱਡੀਆਂ, ਮੋਬਾਈਲ ਫ਼ੋਨ ਅਤੇ ਇਲਾਜ ਵੀ ਮਹਿੰਗਾ ਹੋ ਸਕਦਾ ਹੈ|
ਅੱਜ ਦੀ ਦੁਨੀਆ ਇੱਕ-ਦੂਜੇ ਤੇ ਇੰਨੀ ਨਿਰਭਰ ਹੈ ਕਿ ਇੱਕ ਖੇਤਰ ਦੀ ਜੰਗ ਪੂਰੀ ਦੁਨੀਆ ਨੂੰ ਮੰਦੀ  ਵੱਲ ਧੱਕ ਸਕਦੀ ਹੈ| ਯੂਰਪ ਵਿੱਚ ਗੈਸ ਦਾ ਹਾਹਾਕਾਰ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਵਿੱਤੀ ਸਿਸਟਮ ਕਿੰਨਾ ਕਮਜ਼ੋਰ ਹੋ ਚੁੱਕਾ ਹੈ| ਵਿਸ਼ਵ ਸ਼ਕਤੀਆਂ ਨੂੰ ਤੁਰੰਤ ਕੂਟਨੀਤਕ ਰਸਤੇ ਰਾਹੀਂ ਜੰਗ ਨੂੰ ਰੋਕਣ ਲਈ ਦਖ਼ਲ ਦੇਣਾ ਚਾਹੀਦਾ ਹੈ| ਦੇਸ਼ਾਂ ਨੂੰ ਆਪਣੀ ਊਰਜਾ ਨਿਰਭਰਤਾ ਘਟਾਉਣ ਅਤੇ ਬਦਲਵੇਂ ਸਰੋਤਾਂ ਤੇ ਧਿਆਨ ਦੇਣ ਦੀ ਲੋੜ ਹੈ| ਸਰਕਾਰਾਂ ਨੂੰ ਆਮ ਆਦਮੀ ਨੂੰ ਮਹਿੰਗਾਈ ਦੇ ਇਸ ਭਿਆਨਕ ਚੱਕਰਵਾਤ ਤੋਂ ਬਚਾਉਣ ਲਈ ਠੋਸ ਨੀਤੀਆਂ ਤਿਆਰ ਕਰਨੀਆਂ ਪੈਣਗੀਆਂ| ਜੇਕਰ ਸਮਾਂ ਰਹਿੰਦਿਆਂ ਕਦਮ ਨਾ ਚੁੱਕੇ ਗਏ, ਤਾਂ 2026 ਦਾ ਇਹ ਸਾਲ ਮਨੁੱਖੀ ਇਤਿਹਾਸ ਵਿੱਚ ਇੱਕ ਵੱਡੇ ਆਰਥਿਕ ਪਤਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ|
-ਰਜਿੰਦਰ ਸਿੰਘ ਪੁਰੇਵਾਲ