ਬਗਦਾਦ ਵਿੱਚ ਸੜਕ ਤੋਂ ਅਮਰੀਕੀ ਪੱਤਰਕਾਰ ਨੂੰ ਕੀਤਾ ਅਗਵਾਹ

ਬਗਦਾਦ: ਈਰਾਕ ਦੀ ਰਾਜਧਾਨੀ ਬਗਦਾਦ ਵਿੱਚ ਮੰਗਲਵਾਰ ਨੂੰ ਅਮਰੀਕਾ ਦੀ ਫ੍ਰੀਲਾਂਸ ਪੱਤਰਕਾਰ ਸ਼ੈਲੀ ਕਿਟਲਸਨ ਨੂੰ ਦਿਨ ਦਿਹਾੜੇ ਅਗਵਾਹ ਕਰ ਲਿਆ ਗਿਆ। ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਬਗਦਾਦ ਹੋਟਲ ਦੇ ਨੇੜੇ ਅਲ-ਸਾਦੂਨ ਸਟ੍ਰੀਟ ਤੋਂ ਉਨ੍ਹਾਂ ਨੂੰ ਜਬਰੀ ਗੱਡੀ ਵਿੱਚ ਬਿਠਾ ਕੇ ਲੈ ਗਏ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਮਲਾਵਰ ਪੱਤਰਕਾਰ ਨੂੰ ਜਬਰੀ ਗੱਡੀ ਵਿੱਚ ਖਿੱਚਦੇ ਦਿਖਾਈ ਦੇ ਰਹੇ ਹਨ। ਈਰਾਕ ਦੇ ਗ੍ਰਹਿ ਮੰਤਰਾਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਉਸਨੇ ਪੱਤਰਕਾਰ ਦੀ ਪਛਾਣ ਜਾਹਿਰ ਨਹੀਂ ਕੀਤੀ। ਮੰਤਰਾਲੇ ਨੇ ਕਿਹਾ ਕਿ ਇੱਕ ਵਿਦੇਸ਼ੀ ਪੱਤਰਕਾਰ ਦਾ ਅਗਵਾ ਕੀਤਾ ਗਿਆ ਹੈ ਅਤੇ ਸੁਰੱਖਿਆ ਬਲਾਂ ਨੂੰ ਤੁਰੰਤ ਕਾਰਵਾਈ ਲਈ ਭੇਜਿਆ ਗਿਆ। ਰਿਪੋਰਟਾਂ ਮੁਤਾਬਕ ਸ਼ੈਲੀ ਕਿਟਲਸਨ ਕਾਫੀ ਸਮੇਂ ਤੋਂ ਨਿਊਜ਼ ਵੈਬਸਾਈਟ ਅਲ-ਮਾਨੀਟਰ ਲਈ ਰਿਪੋਰਟਿੰਗ ਕਰ ਰਹੀ ਸੀ। ਅਮਰੀਕੀ ਸਰਕਾਰ ਪਹਿਲਾਂ ਹੀ ਸੁਰੱਖਿਆ ਕਾਰਨਾਂ ਕਰਕੇ ਈਰਾਕ ਨਾ ਜਾਣ ਦੀ ਸਲਾਹ ਦੇ ਚੁੱਕੀ ਸੀ। ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਅਗਵਕਾਰਾਂ ਦਾ ਪਿੱਛਾ ਕੀਤਾ, ਜਿਸ ਦੌਰਾਨ ਇੱਕ ਗੱਡੀ ਪਲਟ ਗਈ ਅਤੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਦੂਜੀ ਗੱਡੀ ਫਰਾਰ ਹੋ ਗਈ। ਪੁਲਿਸ ਹਾਲੇ ਵੀ ਪੱਤਰਕਾਰ ਦੀ ਭਾਲ ਕਰ ਰਹੀ ਹੈ।