ਤੁਰਕੀ ਵਿਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 18 ਮੌਤਾਂ

ਅੰਕਾਰਾ : ਤੁਰਕੀ ਦੇ ਸਮੁੰਦਰੀ ਤੱਟ ਨੇੜੇ ਰਬੜ ਦੀ ਇਕ ਕਿਸ਼ਤੀ ਪਲਟਣ ਕਾਰਨ 18 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਇਹ ਦਰਦਨਾਕ ਹਾਦਸਾ ਤੁਰਕੀ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਬੋਡਰਮ ਦੇ ਤੱਟ ਤੋਂ ਕੁੱਝ ਦੂਰ ਏਜੀਅਨ ਸਾਗਰ ਵਿਚ ਵਾਪਰਿਆ।

ਚੰਗੀ ਗੱਲ ਇਹ ਰਹੀ ਕਿ ਘੱਟੋ-ਘੱਟ 21 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ। ਤੁਰਕੀ ਕੋਸਟ ਗਾਰਡ ਕਮਾਂਡ ਅਨੁਸਾਰ ਦਰਜਨਾਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਸ ਕਿਸ਼ਤੀ ਨੇ ਰੁਕਣ ਦੇ ਵਾਰ-ਵਾਰ ਦਿਤੇ ਗਏ ਇਸ਼ਾਰਿਆਂ ਨੂੰ ਅਣਗੌਲਿਆ ਕਰ ਦਿਤਾ ਅਤੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ।

ਕੋਸਟ ਗਾਰਡ ਵਲੋਂ ਕੀਤੇ ਗਏ ਪਿੱਛੇ ਦੌਰਾਨ, ਕਿਸ਼ਤੀ ਖ਼ਰਾਬ ਸਮੁੰਦਰੀ ਹਾਲਾਤ ਕਾਰਨ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਅਤੇ ਅੰਤ ਵਿਚ ਪਲਟ ਗਈ। ਹਾਦਸੇ ਤੋਂ ਤੁਰਤ ਬਾਅਦ ਕੋਸਟ ਗਾਰਡ ਦੀਆਂ ਬਚਾਅ ਟੀਮਾਂ ਨੇ ਮੌਕੇ &rsquoਤੇ ਪਹੁੰਚ ਕੇ 21 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਨ੍ਹਾਂ ਬਚਾਅ ਕਾਰਜਾਂ ਵਿਚ ਨੇੜਲੇ ਸ਼ਹਿਰ ਇਜ਼ਮੀਰ ਤੋਂ ਭੇਜੇ ਗਏ ਇਕ ਹੈਲੀਕਾਪਟਰ ਦੀ ਮਦਦ ਵੀ ਲਈ ਗਈ। ਅਧਿਕਾਰੀਆਂ ਅਨੁਸਾਰ ਬਚਾਅ ਟੀਮਾਂ ਅਜੇ ਵੀ ਹੋਰ ਸੰਭਾਵੀ ਪੀੜਤਾਂ ਦੀ ਭਾਲ ਲਈ ਖੋਜ ਮੁਹਿੰਮ ਚਲਾ ਰਹੀਆਂ ਹਨ। ਫਿਲਹਾਲ ਕਿਸ਼ਤੀ &rsquoਤੇ ਸਵਾਰ ਲੋਕਾਂ ਦੀ ਰਾਸ਼ਟਰੀਅਤਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ।