ਅੰਤਿਮ ਸੰਸਕਾਰ ਕਰਨ ਵਾਲੇ ਵਿਅਕਤੀ ਨੇ 30 ਮ੍ਰਿਤਕਾਂ ਦੇ ਦਫ਼ਨ ਵਿੱਚ ਰੁਕਾਵਟ ਅਤੇ ਦਾਨ ਦੀ ਰਕਮ ਹੜਪਣ ਦੇ ਦੋਸ਼ ਮੰਨੇ

 ਲੈਸਟਰ (ਇੰਗਲੈਂਡ), 2 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਹੱਲ ਵਿੱਚ ਅੰਤਿਮ ਸੰਸਕਾਰ ਦੀ ਸੇਵਾ ਦੇਣ ਵਾਲੇ ਇਕ ਵਿਅਕਤੀ ਨੇ 30 ਮ੍ਰਿਤਕਾਂ ਦੇ ਦਫ਼ਨ ਵਿੱਚ ਰੁਕਾਵਟ ਪੈਦਾ ਕਰਨ ਅਤੇ ਸੋਗ ਮਨਾਉਣ ਵਾਲੇ ਲੋਕਾਂ ਵੱਲੋਂ ਚੈਰੀਟੀ ਲਈ ਦਿੱਤੀ ਗਈ ਦਾਨ ਰਕਮ ਹੜਪਣ ਦੇ ਦੋਸ਼ ਅਦਾਲਤ ਵਿੱਚ ਮੰਨ ਲਏ ਹਨ।

48 ਸਾਲਾ ਰਾਬਰਟ ਬੁਸ਼ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਮ੍ਰਿਤਕਾਂ ਦੀ ਸੰਭਾਲ ਸਬੰਧੀ ਗੰਭੀਰ ਚਿੰਤਾ ਜਤਾਈ ਗਈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਮਾਮਲੇ ਦੀ ਸੁਣਵਾਈ ਹੱਲ ਦੀ ਕ੍ਰਾਉਨ ਅਦਾਲਤ ਵਿੱਚ ਹੋਈ।
ਅਦਾਲਤ ਵਿੱਚ ਉਸ ਨੇ 30 ਮਾਮਲਿਆਂ ਵਿੱਚ ਕਾਨੂੰਨੀ ਅਤੇ ਇੱਜ਼ਤਦਾਰ ਦਫ਼ਨ ਰੋਕਣ ਦੇ ਦੋਸ਼ ਅਤੇ 12 ਭਲਾਈ ਸੰਸਥਾਵਾਂ ਲਈ ਕੀਤੀਆਂ ਦਾਨ ਰਕਮਾਂ ਦੀ ਚੋਰੀ ਦਾ ਦੋਸ਼ ਕਬੂਲ ਕੀਤਾ।
ਜਾਂਚ ਦੌਰਾਨ ਪੁਲਿਸ ਨੂੰ ਸੰਸਥਾ ਦੇ ਥਾਂ ਤੋਂ ਕਈ ਮ੍ਰਿਤਕਾਂ ਦੇ ਅਵਸ਼ੇਸ਼ ਮਿਲੇ, ਜਿਨ੍ਹਾਂ ਵਿੱਚ ਗਰਭ ਅਵਸਥਾ ਦੌਰਾਨ ਮਰੇ ਚਾਰ ਬੱਚਿਆਂ ਦੇ ਅਵਸ਼ੇਸ਼ ਵੀ ਸ਼ਾਮਲ ਸਨ। ਪੁਲਿਸ ਮੁਤਾਬਕ ਇਹ ਸਾਰੇ ਦੋਸ਼ ਮਈ 2012 ਤੋਂ ਮਾਰਚ 2024 ਦੇ ਦਰਮਿਆਨ ਦੇ ਹਨ।
ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੈਦ ਦੀ ਸਜ਼ਾ ਹੋਣ ਦੀ ਸੰਭਾਵਨਾ ਪੱਕੀ ਹੈ। ਹਾਲਾਂਕਿ ਅੰਤਿਮ ਫੈਸਲਾ 27 ਜੁਲਾਈ ਨੂੰ ਸੁਣਾਇਆ ਜਾਵੇਗਾ ਅਤੇ ਉਸ ਸਮੇਂ ਤੱਕ ਦੋਸ਼ੀ ਨੂੰ ਜ਼ਮਾਨਤ &lsquoਤੇ ਰਿਹਾ ਕੀਤਾ ਗਿਆ ਹੈ।
ਪੀੜਤ ਪਰਿਵਾਰਾਂ ਨੇ ਅਦਾਲਤ ਬਾਹਰ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਇਸ ਘਟਨਾ ਨੇ ਕਈ ਪਰਿਵਾਰਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ ਅਤੇ ਲੋਕਾਂ ਦੇ ਭਰੋਸੇ ਨਾਲ ਵੱਡਾ ਧੋਖਾ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੰਤਿਮ ਸੰਸਕਾਰ ਸੇਵਾਵਾਂ &lsquoਤੇ ਸਖ਼ਤ ਨਿਯਮ ਬਣਾਏ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ।