ਮਿਆਮੀ ਹਵਾਈ ਅਡੇ ਤੇ ਵਾਧੂ ਬੈਗ ਲਈ ਅਦਾਇਗੀ ਕਰਨ ਤੋਂ ਨਾਂਹ ਕਰਨ ਤੇ 3 ਔਰਤਾਂ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਿਆਮੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਵਾਧੂ ਭਾਰ ਲਈ ਅਦਾਇਗੀ ਨਾ ਕਰਨ ਤੇ ਹੋਏ ਝਗੜੇ ਉਪਰੰਤ 3 ਔਰਤਾਂ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਔਰਤਾਂ ਵੱਲੋਂ ਕੀਤੇ ਝਗੜੇ ਕਾਰਨ ਫਰੰਟੀਅਰ ਏਅਰਲਾਈਨਜ ਦੇ ਜਹਾਜ਼ ਦੀ ਉਡਾਣ ਵਿੱਚ ਤਕਰੀਬਨ ਇਕ ਘੰਟੇ ਦੀ ਦੇਰੀ ਹੋਈ। ਗ੍ਰਿਫਤਾਰ ਔਰਤਾਂ ਵਿੱਚ ਨਫੀਸਾ ਡਾਕਰੀ (30), ਡਿਓਨਜਾਨਾ ਕੋਚਰਨ (21) ਤੇ ਡਵਾਨਾ ਕੋਚਰਨ (26) ਸ਼ਾਮਿਲ ਹਨ। ਇਨਾਂ ਵਿਰੁੱਧ ਫੌਜਦਾਰੀ ਦੋਸ਼ ਲਾਏ ਗਏ ਹਨ। ਔਰਤਾਂ ਨੇ ਫਿਲਾਡੈਲਫੀਆ ਜਾਣਾ ਸੀ। ਜਦੋਂ ਇਕ ਮੁਲਾਜ਼ਮ ਨੇ ਵੇਖਿਆ ਕਿ ਉਨਾਂ ਨੇ ਇਕ ਬੈਗ ਦੀ ਅਦਾਇਗੀ ਕੀਤੀ ਹੈ ਜਦ ਕਿ ਉਨਾਂ ਕੋਲ ਦੋ ਬੈਗ ਹਨ ਤਾਂ ਉਸ ਨੇ ਦੂਸਰੇ ਬੈਗ ਦੀ ਵੀ ਅਦਾਇਗੀ ਕਰਨ ਲਈ ਕਿਹਾ ਤਾਂ ਝਗੜਾ ਏਨਾ ਵਧ ਗਿਆ ਕਿ ਪੁਲਿਸ ਸੱਦਣੀ ਪਈ। ਗ੍ਰਿਫਤਾਰੀ ਵਾਰੰਟ ਹਾਸਲ ਕਰਨ ਉਪਰੰਤ ਪੁਲਿਸ ਨੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ।