ਪੁਲੀਸ ਦੇ ਹੱਥ ਨਹੀਂ ਲੱਗਿਆ ਭੁੱਲਰ ਦਾ ਮੋਬਾਈਲ

ਪੰਜਾਬ ਰਾਜ ਗੁਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ &rsquoਚ ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲੋਂ ਪੁਲੀਸ ਉਸ ਦਾ ਮੋਬਾਈਲ ਫੋਨ, ਘਰ &rsquoਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਡੀ ਵੀ ਆਰ ਦੀ ਹਾਰਡ ਡਿਸਕ ਬਰਾਮਦ ਕਰਨ ਵਿੱਚ ਅਸਫਲ ਰਹੀ ਹੈ। ਸਬੂਤਾਂ ਦੀ ਘਾਟ ਵਿੱਚ ਕੇਸ ਕਮਜ਼ੋਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਸ੍ਰੀ ਭੁੱਲਰ ਲਗਪਗ ਅੱਠ ਦਿਨ ਪੁਲੀਸ ਹਿਰਾਸਤ ਵਿੱਚ ਰਿਮਾਂਡ &rsquoਤੇ ਰਿਹਾ ਹੈ, ਇਸ ਦੌਰਾਨ ਸਬੂਤਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਢਿੱਲੀ ਰਹੀ ਹੈ। ਪੁਲੀਸ ਹੁਣ ਤੱਕ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਅਤੇ ਨਿੱਜੀ ਸਹਾਇਕ ਦਿਲਬਾਗ ਸਿੰਘ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੀੜਤ ਪਰਿਵਾਰ ਮੰਗ ਕਰ ਰਿਹਾ ਹੈ ਕਿ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ। ਇਸ ਕੇਸ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕੁਝ ਸੰਸਦ ਮੈਂਬਰ ਵੀ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕਰ ਚੁੱਕੇ ਹਨ। ਪੁਲੀਸ ਸੂਤਰਾਂ ਮੁਤਾਬਕ ਭੁੱਲਰ ਦਾ ਮੋਬਾਈਲ ਫੋਨ ਅਤੇ ਡੀ ਵੀ ਆਰ ਦੀ ਹਾਰਡ ਡਿਸਕ ਕੇਸ ਮਜ਼ਬੂਤ ਕਰਨ ਲਈ ਜ਼ਰੂਰੀ ਸਨ। ਪੀੜਤ ਪਰਿਵਾਰ ਨੇ ਰੰਧਾਵਾ ਦਾ ਮੋਬਾਈਲ ਫੋਨ ਪੁਲੀਸ ਨੂੰ ਸੌਂਪ ਦਿੱਤਾ ਸੀ ਪਰ ਲਾਲਜੀਤ ਸਿੰਘ ਭੁੱਲਰ ਦਾ ਮੋਬਾਈਲ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਗੁਆਚ ਗਿਆ ਹੈ।