ਅਮਰੀਕੀ ਫੌਜਾਂ ਜਲਦੀ ਹੀ ਕੰਮ ਪੂਰਾ ਕਰਨਗੀਆਂ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੀ ਰਾਤ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਇਰਾਨ ਜੰਗ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਜਲਦੀ ਹੀ ਇਰਾਨ ਵਿੱਚ ਕੰਮ ਪੂਰਾ ਕਰ ਦੇਣਗੀਆਂ, ਕਿਉਂਕਿ ਮੁੱਖ ਰਣਨੀਤਕ ਉਦੇਸ਼ ਪੂਰੇ ਹੋਣ ਨੇੜੇ ਹਨ। ਮਹੀਨਾ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਕੌਮੀ ਭਾਸ਼ਣ ਸੀ। ਟਰੰਪ ਨੇ ਕਿਹਾ ਕਿ ਉਹ ਪੱਕਾ ਨਹੀਂ ਕਹਿ ਸਕਦੇ ਕਿ ਅਮਰੀਕਾ ਦੇ ਲੋਕਾਂ ਵਿੱਚ ਇਰਾਨ ਦੀ ਜੰਗ ਨੂੰ ਜਾਰੀ ਰੱਖਣ ਲਈ ਸਬਰ ਹੈ ਜਾਂ ਨਹੀਂ। ਵ੍ਹਾਈਟ ਹਾਊਸ ਵਿੱਚ ਈਸਟਰ ਦੇ ਦੁਪਹਿਰ ਦੇ ਖਾਣੇ ਦੌਰਾਨ ਕੀਤੀਆਂ ਗਈਆਂ ਉਨ੍ਹਾਂ ਦੀਆਂ ਇਹ ਨਿੱਜੀ ਟਿੱਪਣੀਆਂ ਉਸ ਘਰੇਲੂ ਦਬਾਅ ਨੂੰ ਦਰਸਾਉਂਦੀਆਂ ਹਨ, ਜੋ ਰਾਸ਼ਟਰਪਤੀ ਇਸ ਜੰਗ ਨੂੰ ਖ਼ਤਮ ਕਰਨ ਲਈ ਮਹਿਸੂਸ ਕਰ ਰਹੇ ਹਨ।

ਟਰੰਪ ਨੇ ਵੱਡੀ ਗਿਣਤੀ ਵਿੱਚ ਜੁੜੇ ਸਰੋਤਿਆਂ ਸਾਹਮਣੇ ਅਮਰੀਕੀ ਕਾਰਵਾਈਆਂ ਦੀ ਸਫ਼ਲਤਾ ਦਾ ਗੁਣਗਾਣ ਕੀਤਾ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦੇ ਹੁਣ ਤੱਕ ਦੇ ਸਾਰੇ ਉਦੇਸ਼ ਪੂਰੇ ਹੋ ਗਏ ਹਨ ਜਾਂ ਆਸ ਨਾਲੋਂ ਵੱਧ ਸਫ਼ਲ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਰਾਨ ਨੂੰ ਨੇੜਲੇ ਭਵਿੱਖ ਵਿੱਚ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਕਿਹਾ, &lsquo&lsquoਅਸੀਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ &rsquoਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ। ਅਸੀਂ ਉਨ੍ਹਾਂ ਨੂੰ ਵਾਪਸ ਪੱਥਰ ਯੁੱਗ ਵਿੱਚ ਲੈ ਜਾਵਾਂਗੇ, ਜਿੱਥੋਂ ਦੇ ਉਹ ਰਹਿਣ ਵਾਲੇ ਹਨ।&rsquo&rsquo