ਇਰਾਨ ਦੇ ਤੇਲ ਟੈਂਕਰ ਦੇ ਚੀਨ ਵੱਲ ਮੁੜਨ ਪਿੱਛੇ ਭੁਗਤਾਨ ਦੀਆਂ ਸਮੱਸਿਆਵਾਂ ਦੇ ਦਾਅਵੇ ਗਲਤ : ਕੇਂਦਰ

ਕੇਂਦਰ ਸਰਕਾਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ (import) ਲਈ ਭੁਗਤਾਨ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਰਿਫਾਇਨਰੀਆਂ ਇਰਾਨ ਦੇ ਨਾਲ-ਨਾਲ ਦੁਨੀਆ ਭਰ ਦੇ ਹੋਰ ਸਪਲਾਇਰਾਂ ਤੋਂ ਤੇਲ ਮੰਗਵਾਉਣਾ ਜਾਰੀ ਰੱਖ ਰਹੀਆਂ ਹਨ। ਸਰਕਾਰ ਨੇ ਦੱਸਿਆ ਕਿ ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਂਦਾ ਹੈ। ਤੇਲ ਕੰਪਨੀਆਂ ਕੋਲ ਪੂਰੀ ਖੁੱਲ੍ਹ ਹੈ ਕਿ ਉਹ ਆਪਣੀਆਂ ਵਪਾਰਕ ਲੋੜਾਂ ਅਨੁਸਾਰ ਕਿਸੇ ਵੀ ਦੇਸ਼ ਜਾਂ ਖੇਤਰ ਤੋਂ ਤੇਲ ਦੀ ਖਰੀਦ ਕਰ ਸਕਦੀਆਂ ਹਨ।

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਰਾਨੀ ਕੱਚੇ ਤੇਲ ਨਾਲ ਲੱਦਿਆ ਇੱਕ ਤੇਲ ਟੈਂਕਰ ਆਪਣੇ ਪਹਿਲੇ ਨਿਰਧਾਰਤ ਟਿਕਾਣੇ ਭਾਰਤ ਦੀ ਬਜਾਏ ਅੱਧ ਵਿਚਾਲੇ ਚੀਨ ਵੱਲ ਮੁੜ ਗਿਆ ਹੈ। ਜੇਕਰ ਇਹ ਤੇਲ ਭਾਰਤ ਆਉਂਦਾ ਤਾਂ ਇਹ ਲਗਪਗ ਸੱਤ ਸਾਲਾਂ ਵਿੱਚ ਭਾਰਤ ਆਉਣ ਵਾਲੀ ਅਜਿਹੀ ਪਹਿਲੀ ਖੇਪ ਹੋਣੀ ਸੀ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਤੇਲ ਵਪਾਰ ਵਿੱਚ ਜਹਾਜ਼ਾਂ ਦਾ ਰਸਤਾ ਬਦਲਣਾ ਇੱਕ ਆਮ ਗੱਲ ਹੈ। ਵਪਾਰਕ ਲੋੜਾਂ ਅਤੇ ਸਹੂਲਤ ਅਨੁਸਾਰ ਸਫ਼ਰ ਦੌਰਾਨ ਲਿਆਂਦੇ ਜਾ ਰਹੇ ਮਾਲ ਦੀ ਮੰਜ਼ਿਲ ਬਦਲੀ ਜਾ ਸਕਦੀ ਹੈ, ਇਸ ਲਈ ਅਜਿਹੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ।