ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਿੱਖਾਂ ਦਾ ਕੋਈ ਹੋਰ ਗੁਰੂ ਨਹੀਂ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ

 ਲੰਡਨ-  ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਗੁਰੂ ਹਨ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਗੈਰ ਕੋਈ ਦੇਹਧਾਰੀ ਮਨੁੱਖ ਸਿੱਖਾਂ ਦਾ ਗੁਰੂ ਨਹੀਂ ਹੋ ਸਕਦਾ । ਇਹ ਟਿੱਪਣੀ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਨਾਮਧਾਰੀ ਸੰਪਰਦਾ ਦੇ ਮੁਖੀ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਮਿਕ ਪੁਸਤਕ ਆਖਣ  ਸਬੰਧੀ ਕੀਤੀ ਗਈ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ  ਨੇ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਕਿ  ਸਿੱਖ ਦਾ ਸੀਸ ਸਾਹਿਬ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਤੋੰ ਬਗੈਰ  ਕਿਸੇ  ਵੀ ਗੁਰੂ ਅਖਵਾਉਂਦੇ ਦੇਹਧਾਰੀ ਵਿਆਕਤੀ ਮੂਹਰੇ ਝੁਕ ਨਹੀਂ  ਸਕਦਾ । ਧਾਰਮਿਕ ਪੁਸਤਕ ਜਾਂ ਧਾਰਮਿਕ ਗ੍ਰੰਥ ਤਾਂ ਕਿਸੇ ਵੀ ਲਿਖੀ ਹੋਈ ਧਾਰਮਿਕ ਸਮਰਗੀ ਦੇ ਸਮੂਹ ਨੂੰ ਆਖਿਆ ਜਾ ਸਕਦਾ ਹੈ ਪਰ  ਦੁਨੀਆਂ ਭਰ ਵਿੱਚ ਗੁਰੂ ਦਾ ਦਰਜਾ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਪਤ ਹੈ ਜੋ ਕਿ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ । ਸਿੱਖ ਧਰਮ ਇੱਕ ਵਿਲੱਖਣ ਅਤੇ ਉੱਚ ਆਤਮਿਕ ਸੋਚ ਵਾਲਾ ਧਰਮ ਹੈ, ਜਿਸਦਾ ਕੇਂਦਰ ਅਕਾਲ ਪੁਰਖ ਦਾ ਨਾਮ ਅਤੇ ਗੁਰਬਾਣੀ ਹੈ। ਇਸ ਧਰਮ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ  ਹੈ ਕਿ ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਹੀ ਸਦੀਵੀ ਗੁਰੂ ਹਨ, ਅਤੇ ਕੋਈ ਵੀ ਦੇਹਧਾਰੀ ਮਨੁੱਖ ਉਨ੍ਹਾਂ ਦੀ ਬਰਾਬਰੀ ਨਹੀ ਕਰ ਸਕਦਾ । ਸਾਹਿਬ  ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਨੇ 1708 ਵਿੱਚ ਸਿੱਖ ਜਗਤ ਨੂੰ ਹੁਕਮ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਮਨੁੱਖ ਗੁਰੂ ਨਹੀਂ ਹੋਵੇਗਾ ਅਤੇ ਗੁਰਤਾ ਗੱਦੀ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਗਈ। ਗੁਰੂ ਸਾਹਿਬ ਦੇ ਇਸ ਹੁਕਮ ਨੇ  ਸਿੱਖ ਧਰਮ ਨੂੰ ਇੱਕ ਅਟੱਲ ਦਿਸ਼ਾ ਦਿੱਤੀ ਅਤੇ ਗੁਰੂ ਦੀ ਪਰਿਭਾਸ਼ਾ ਨੂੰ ਸਦਾ ਲਈ ਗੁਰਬਾਣੀ ਨਾਲ ਜੋੜ ਦਿੱਤਾ। ਸਾਹਿਬ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਮਨੁੱਖਾ ਜੀਵਨ ਦਾ ਸੰਪੂਰਨ ਮਾਰਗਦਰਸ਼ਕ ਹੈ। ਇਸ ਵਿੱਚ ਸਿੱਖ ਗੁਰੂਆਂ ਦੀ ਬਾਣੀ ਦੇ ਨਾਲ ਨਾਲ ਭਗਤਾਂ ਅਤੇ ਸੰਤਾਂ ਦੀ ਬਾਣੀ ਵੀ ਦਰਜ ਹੈ। ਜੋ ਮਨੁੱਖਤਾ ਨੂੰ  ਨਿਮਰਤਾ, ਸੇਵਾ, ਅਤੇ ਵਾਹਿਗੁਰੂ ਨਾਲ ਜੋੜਨ ਦਾ ਸਹੀ ਰਾਹ ਦਿਖਾਉਂਦੀ ਹੈ।
ਗੁਰੂ ਗ੍ਰੰਥ  ਸਾਹਿਬ ਜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਕਿਸੇ ਇੱਕ ਮਨੁੱਖ ਦੀ ਸੋਚ ਨਹੀ  ਹੈ। ਇਸ ਲਈ ਕੋਈ ਵੀ ਦੇਹਧਾਰੀ ਮਨੁੱਖ ਇਸ ਦੀ ਬਰਾਬਰੀ ਨਹੀਂ ਕਰ ਸਕਦਾ।
ਇਨਸਾਨ ਹੋਣ ਕਰਕੇ ਹਰ ਦੇਹਧਾਰੀ ਮਨੁੱਖ ਵਿੱਚ ਕੁਝ ਨਾ ਕੁਝ ਕਮੀ ਹੋਣੀ ਸੁਭਾਵਿਕ  ਹੈ। ਉਹ ਗਲਤੀਆਂ ਵੀ ਕਰ ਸਕਦਾ ਹੈ, ਉਸਦੇ ਵਿਚਾਰ ਵੀ ਸਮੇਂ ਦੇ ਨਾਲ ਬਦਲ ਸਕਦੇ ਹਨ  ਅਤੇ ਉਹ ਸੰਪੂਰਨ ਨਹੀਂ ਹੁੰਦਾ। ਇਸਦੇ ਉਲਟ ਸਾਹਿਬ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਟੱਲ, ਸਦਾ ਸੱਚੀ ਅਤੇ ਅਪਰਿਵਰਤਨਸ਼ੀਲ ਹੈ। ਸਿੱਖੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਅਸੀਂ ਕਿਸੇ ਵਿਅਕਤੀ ਦੀ ਅੰਧ ਭਗਤੀ ਨਾ ਕਰੀਏ। ਜੇ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੱਸਦਾ ਹੈ ਜਾਂ ਗੁਰੂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਸਿੱਖ ਮਰਯਾਦਾ ਦੇ ਖਿਲਾਫ ਹੈ।ਸਿੱਖ ਧਰਮ ਵਿੱਚ ਸਾਰੇ ਮਨੁੱਖ ਬਰਾਬਰ ਹਨ। ਕੋਈ ਵੀ ਵਿਅਕਤੀ ਉੱਚਾ ਜਾਂ ਨੀਵਾਂ ਨਹੀਂ ਹੈ। ਪਰ ਗੁਰੂ ਦਾ ਦਰਜਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਹੈ। ਜਿਹੜੇ ਵਿਆਕਤੀ ਜਾਣੇ ਅਣਜਾਣੇ ਦੇਹਧਾਰੀ ਗੁਰੂਡੰਮ ਵਿੱਚ ਉਲਝੇ ਹੋਏ  ਹਨ , ਉਹ ਨਿਰਸੰਦੇਹ ਸਿੱਖ ਕੌਮ ਦੇ ਖੈਰ ਖਵਾਹ ਨਹੀਂ ਹੋ ਸਕਦੇ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਸਿੱਖ ਜਗਤ ਨੂੰ ਅਜਿਹੇ ਵਿਵਾਦ ਨਕਾਰਦਿਆਂ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੋਣ ਦੀ ਸਨਿਮਰ ਅਪੀਲ ਕੀਤੀ ਗਈ ਹੈ ।