ਨਗਰ ਨਿਗਮ ਜਲੰਧਰ ਦੀ ਵੱਡੀ ਕਾਰਵਾਈ ਰੇਲਵੇ ਸਟੇਸ਼ਨ ਤੋਂ ਵਸੂਲੇ 87 ਲੱਖ ਰੁਪਏ

ਜਲੰਧਰ ਨਗਰ ਨਿਗਮ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਜਲੰਧਰ ਰੇਲਵੇ ਸਟੇਸ਼ਨ ਤੋਂ ਪਾਣੀ ਅਤੇ ਸੀਵਰੇਜ ਦੇ ਬਕਾਇਆ ਬਿੱਲਾਂ ਵਜੋਂ 87 ਲੱਖ ਰੁਪਏ ਦੀ ਵਸੂਲੀ ਕੀਤੀ ਹੈ। ਨਿਗਮ ਵੱਲੋਂ ਬਕਾਇਆ ਰਾਸ਼ੀ ਇਕੱਠੀ ਕਰਨ ਲਈ ਵਿੱਢੀ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਇਹ ਸਫ਼ਲਤਾ ਹਾਸਲ ਹੋਈ ਹੈ।

ਇਹ ਕਾਰਵਾਈ ਮੇਅਰ ਵਿਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੀਆਂ ਹਦਾਇਤਾਂ &rsquoਤੇ ਅਮਲ ਵਿੱਚ ਲਿਆਂਦੀ ਗਈ। ਇਸ ਉਗਰਾਹੀ ਮੁਹਿੰਮ ਦੀ ਨਿਗਰਾਨੀ ਐਸਟੇਟ ਅਫ਼ਸਰ-ਕਮ-ਚੀਫ਼ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਡੈਂਟ (ਵਾਟਰ ਰੇਟਸ) ਹਰਪ੍ਰੀਤ ਵਾਲੀਆ ਵੱਲੋਂ ਕੀਤੀ ਗਈ। ਜ਼ੋਨ ਨੰਬਰ 5 ਵਿੱਚ ਚਲਾਈ ਗਈ ਇਸ ਮੁਹਿੰਮ ਦੌਰਾਨ ਇੰਸਪੈਕਟਰ ਯੋਗੇਸ਼ ਸ਼ਰਮਾ, ਹਰਜੀਤ ਬੌਬੀ, ਸੰਜੀਵ ਮੁਦਗਿਲ, ਪਰਮਿੰਦਰ ਸਿੰਘ ਅਤੇ ਸੰਨੀ ਨਾਹਰ ਸਮੇਤ ਹੋਰ ਸਟਾਫ਼ ਮੌਜੂਦ ਸੀ।


ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਸਾਰੇ ਨਾਗਰਿਕਾਂ ਅਤੇ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਣੀ ਅਤੇ ਸੀਵਰੇਜ ਦੇ ਬਕਾਇਆ ਬਿੱਲ ਸਮੇਂ ਸਿਰ ਜਮ੍ਹਾਂ ਕਰਵਾਉਣ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡਿਫਾਲਟਰਾਂ ਵਿਰੁੱਧ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਬਿਨਾਂ ਕਿਸੇ ਦੇਰੀ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।