ਇਰਾਨ ਨਾਲ ਜੰਗ ਦੌਰਾਨ ਟਰੰਪ ਦੇ 'ਯੂ-ਟਰਨ' ਨੇ ਦੁਨੀਆ ਨੂੰ ਕੀਤਾ ਹੈਰਾਨ *ਟਰੰਪ ਦੀ ਜੰਗਬੰਦੀ: ਰਾਹਤ ਜਾਂ ਰਣਨੀਤਕ ਹਾਰ?" * ਵਾਸ਼ਿੰਗਟਨ ਵਿਚ ਵਿਰੋਧੀ ਪਾਰਟੀਆਂ ਤੇ ਜਨਤਾ ਵਲੋਂ ਟਰੰਪ ਦਾ ਸਖਤ ਵਿਰੋਧ *ਮਾਸੂਮਾਂ ਦਾ ਖੂਨ ਅਤੇ ਗੈਰ-ਕਾਨੂੰਨੀ ਜੰਗ: ਡੈਮੋਕ੍ਰੇਟਸ ਨੇ ਟਰੰਪ 'ਤੇ 'ਵਾਰ ਕ੍ਰਾਈਮ' ਦੇ ਇਲਜ਼ਾਮ ਲਾਏ।

 
ਨਿਊਜ਼ ਵਿਸ਼ਲੇਸ਼ਣ

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨਾਲ ਕੀਤੇ ਗਏ ਅਚਾਨਕ ਦੋ ਹਫ਼ਤਿਆਂ ਦੇ ਜੰਗਬੰਦੀ ਦੇ ਐਲਾਨ ਨੇ ਅਮਰੀਕੀ ਰਾਜਨੀਤੀ ਅਤੇ ਵਿਸ਼ਵ ਭਰ ਦੇ ਬਾਜ਼ਾਰਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਜਿੱਥੇ ਇੱਕ ਪਾਸੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਸ਼ੇਅਰ ਬਾਜ਼ਾਰ ਵਿੱਚ ਉਛਾਲ ਦੇਖਿਆ ਗਿਆ ਹੈ, ਉੱਥੇ ਹੀ ਵਾਸ਼ਿੰਗਟਨ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਇਸ ਫੈਸਲੇ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ। ਰਿਪਬਲਿਕਨ ਪਾਰਟੀ ਦੇ ਕੱਟੜਪੰਥੀ ਆਗੂ ਇਸ ਸਮਝੌਤੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ, ਜਦਕਿ ਡੈਮੋਕ੍ਰੇਟਿਕ ਪਾਰਟੀ ਨੇ ਇਸ ਜੰਗ ਨੂੰ ਸੰਵਿਧਾਨਕ ਉਲੰਘਣਾ ਦੱਸਦਿਆਂ ਰਾਸ਼ਟਰਪਤੀ ਟਰੰਪ ਵਿਰੁੱਧ ਕਾਰਵਾਈ ਦੀ ਮੰਗ ਤੇਜ਼ ਕਰ ਦਿੱਤੀ ਹੈ।ਇਸ ਸਮਝੌਤੇ ਵਿੱਚ ਸਭ ਤੋਂ ਹੈਰਾਨੀਜਨਕ ਪਹਿਲੂ ਪਾਕਿਸਤਾਨ ਦੀ ਭੂਮਿਕਾ ਰਿਹਾ। ਰਾਸ਼ਟਰਪਤੀ ਟਰੰਪ ਨੇ ਖ਼ੁਦ ਸ਼ਾਹਬਾਜ਼ ਸ਼ਰੀਫ਼ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਧੰਨਵਾਦ ਕਰਕੇ ਇਹ ਸਪੱਸ਼ਟ ਕਰ ਦਿੱਤਾ ਕਿ ਇਸਲਾਮਾਬਾਦ ਨੇ ਵਾਸ਼ਿੰਗਟਨ ਅਤੇ ਤੇਹਰਾਨ ਵਿਚਕਾਰ ਇੱਕ ਮਹੱਤਵਪੂਰਨ ਪੁਲ ਦਾ ਕੰਮ ਕੀਤਾ ਹੈ।
ਹਾਲਾਂਕਿ ਪਾਕਿਸਤਾਨ ਮੂਹਰੇ ਰਿਹਾ, ਪਰ ਪਰਦੇ ਦੇ ਪਿੱਛੇ ਚੀਨ ਨੇ ਅਹਿਮ ਦਬਾਅ ਬਣਾਇਆ ਸੀ। ਚੀਨ ਲਈ ਈਰਾਨ ਦਾ ਊਰਜਾ ਬੁਨਿਆਦੀ ਢਾਂਚਾ ਬਹੁਤ ਮਹੱਤਵਪੂਰਨ ਹੈ। ਅਮਰੀਕੀ ਹਮਲਿਆਂ ਨਾਲ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਸੀ, ਇਸ ਲਈ ਬੀਜਿੰਗ ਨੇ ਈਰਾਨ ਨੂੰ 'ਲਚਕੀਲਾਪਨ' ਦਿਖਾਉਣ ਦੀ ਸਲਾਹ ਦਿੱਤੀ ਸੀ ਤਾਂ ਜੋ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।

​ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਜੰਗਬੰਦੀ ਤੋਂ ਇਕ ਦਿਨ ਪਹਿਲਾਂ ਸੰਪਾਦਕੀ ਵਿੱਚ ਲਿਖਿਆ ਸੀ ਕਿ
ਜੇਕਰ ਅਮਰੀਕਾ ਅਤੇ ਇਜ਼ਰਾਈਲ ਫੌਜੀ ਸਾਧਨਾਂ ਦੀ ਵਰਤੋਂ ਕਰਕੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ "ਤੇਲ ਜੀਵਨ ਰੇਖਾ" ਇੱਕ "ਯੁੱਧ ਦੇ ਮੈਦਾਨ" ਵਿੱਚ ਬਦਲ ਜਾਵੇਗੀ, ਜਿਸ ਨਾਲ ਪੂਰੀ ਦੁਨੀਆ ਨੂੰ ਨੁਕਸਾਨ ਹੋਵੇਗਾ। ਚੀਨ ਨੇ ਚੇਤਾਵਨੀ ਦਿੱਤੀ ਸੀ ਕਿ ਫੌਜੀ ਦਖਲਅੰਦਾਜ਼ੀ ਖੇਤਰ ਨੂੰ "ਅਸਲ ਯੁੱਧ ਖੇਤਰ" ਵਿੱਚ ਬਦਲ ਦੇਵੇਗੀ, ਵਿਸ਼ਵ ਆਰਥਿਕ ਸਥਿਰਤਾ ਨੂੰ ਤਬਾਹ ਕਰ ਦੇਵੇਗੀ ਅਤੇ ਖੇਤਰੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਏਗੀ।ਚੀਨ ਦਾ ਕਹਿਣਾ ਸੀ ਕਿ ਸ਼ਾਂਤੀ ਤੋਂ ਬਿਨਾਂ, ਕੋਈ ਵੀ ਸਮੁੰਦਰੀ ਰਸਤਾ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦਾ।

ਰੂਸੀ ਸਰਕਾਰੀ ਮੀਡੀਆ ਆਰਟੀ ਇੰਟਰਨੈਸ਼ਨਲ ਦਾ ਮੰਨਣਾ ਹਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਵਿਰੁੱਧ ਐਲਾਨੀ ਗਈ 'ਦੋ ਹਫ਼ਤਿਆਂ ਦੀ ਜੰਗਬੰਦੀ' ਕੋਈ ਮਹਿਜ਼ ਕੂਟਨੀਤਕ ਚਾਲ ਨਹੀਂ, ਸਗੋਂ ਈਸਫਾਹਨ ਦੇ ਪਹਾੜਾਂ ਵਿੱਚ ਅਮਰੀਕੀ ਫੌਜੀ ਸ਼ਕਤੀ ਨੂੰ ਲੱਗੇ ਉਸ ਜ਼ਬਰਦਸਤ ਝਟਕੇ ਦਾ ਨਤੀਜਾ ਹੈ, ਜਿਸ ਨੇ ਵਾਸ਼ਿੰਗਟਨ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਸੀ।ਆਰਟੀ ਇੰਟਰਨੈਸ਼ਨਲ ਲਿਖਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ 3 ਅਪ੍ਰੈਲ ਨੂੰ ਹੋਈ ਸੀ ਜਦੋਂ ਇਰਾਨੀ ਮਿਜ਼ਾਈਲ ਪ੍ਰਣਾਲੀ ਨੇ ਅਮਰੀਕਾ ਦੇ ਅਤਿ-ਆਧੁਨਿਕ ਐਫ-15ਈ ਸਟ੍ਰਾਈਕ ਈਗਲ ਨੂੰ ਡੇਗ ਦਿੱਤਾ। ਹਾਲਾਂਕਿ ਅਮਰੀਕਾ ਨੇ ਇੱਕ ਗੁੰਝਲਦਾਰ 'ਸਪੈਸ਼ਲ ਫੋਰਸਿਜ਼' ਆਪ੍ਰੇਸ਼ਨ ਰਾਹੀਂ ਆਪਣੇ ਲਾਪਤਾ ਹਥਿਆਰ ਅਧਿਕਾਰੀ (WSO) ਨੂੰ ਬਚਾਉਣ ਦਾ ਦਾਅਵਾ ਕੀਤਾ ਸੀ, ਪਰ ਇਸ ਦੀ ਕੀਮਤ ਨੇ ਅਮਰੀਕੀ ਹਵਾਈ ਫੌਜ ਦੇ ਮਾਣ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਦੋ ਐਮ ਸੀ-130ਜੇ ਟ੍ਰਾਂਸਪੋਰਟ ਜਹਾਜ਼ ਅਤੇ ਚਾਰ ਲਿਟਰ ਬਰਲਡ ਹੈਲੀਕਾਪਟਰਾਂ ਦਾ ਚਿੱਕੜ ਵਿੱਚ ਫਸਣਾ ਅਤੇ ਫਿਰ ਅਮਰੀਕਾ ਵੱਲੋਂ ਉਨ੍ਹਾਂ ਨੂੰ ਖੁਦ ਨਸ਼ਟ ਕਰਨਾ, ਸੋਮਾਲੀਆ ਦੇ 'ਬਲੈਕ ਹਾਕ ਡਾਊਨ' (1993) ਦੀ ਯਾਦ ਦਿਵਾਉਂਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਇਰਾਨ ਵਰਗੇ ਦੇਸ਼ ਵਿੱਚ ਜ਼ਮੀਨੀ ਜਾਂ ਵਿਸ਼ੇਸ਼ ਆਪ੍ਰੇਸ਼ਨ ਕਰਨਾ ਹੁਣ ਅਮਰੀਕਾ ਲਈ ਬੱਚਿਆਂ ਦੀ ਖੇਡ ਨਹੀਂ ਰਿਹਾ।
ਆਰਟੀ ਇੰਟਰਨੈਸ਼ਨਲ ਨੇ ਇਹ ਵੀ ਲਿਖਿਆ ਹੈ ਕਿ ਇਸ ਜੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਹੁਣ ਇੱਕ-ਧਰੁਵੀ ਨਹੀਂ ਰਹੀ।
ਕੌਣ ਜਿੱਤਿਆ ਅਤੇ ਕੌਣ ਹਾਰਿਆ?
​ਇਹ ਜੰਗ ਅਜਿਹੀ ਹੈ ਜਿੱਥੇ ਦੋਵੇਂ ਧਿਰਾਂ ਜਿੱਤ ਦਾ ਜਸ਼ਨ ਮਨਾ ਰਹੀਆਂ ਹਨ, ਪਰ ਹਕੀਕਤ ਕੁਝ ਹੋਰ ਹੈ।

​ਮੋਜਤਬਾ ਖ਼ਾਮੇਨੇਈ ਅਤੇ ਈਰਾਨੀ ਮੀਡੀਆ ਇਸ ਨੂੰ 'ਇਤਿਹਾਸਕ ਜਿੱਤ' ਕਹਿ ਰਹੇ ਹਨ ਕਿਉਂਕਿ ਉਨ੍ਹਾਂ ਨੇ ਅਮਰੀਕਾ ਨੂੰ 10-ਨੁਕਾਤੀ ਸ਼ਰਤਾਂ (ਪਾਬੰਦੀਆਂ ਹਟਾਉਣਾ, ਯੂਰੇਨੀਅਮ ਅਧਿਕਾਰ ਦੀ ਪ੍ਰਵਾਨਗੀ) 'ਤੇ ਗੱਲ ਕਰਨ ਲਈ ਮਜ਼ਬੂਰ ਕੀਤਾ।ਇਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਜਿਸ '10-ਨੁਕਾਤੀ ਪਲਾਨ' ਨੂੰ ਗੱਲਬਾਤ ਦਾ ਆਧਾਰ ਬਣਾਇਆ ਹੈ, ਉਹ ਅਸਲ ਵਿੱਚ ਅਮਰੀਕਾ ਲਈ ਇੱਕ 'ਸਮਰਪਣ ਪੱਤਰ' ਵਾਂਗ ਹੈ। ਇਸ ਦੇ ਪ੍ਰਮੁੱਖ ਨੁਕਤੇ ਹੇਠ ਲਿਖੇ ਹਨ:

​ਗੈਰ-ਹਮਲਾਵਰ ਵਚਨਬੱਧਤਾ: ਅਮਰੀਕਾ ਲਿਖਤੀ ਰੂਪ ਵਿੱਚ ਦੇਵੇ ਕਿ ਉਹ ਇਰਾਨ 'ਤੇ ਹਮਲਾ ਨਹੀਂ ਕਰੇਗਾ।
​ਸਟ੍ਰੇਟ ਆਫ ਹਰਮੁਜ਼: ਇਸ ਅਹਿਮ ਸਮੁੰਦਰੀ ਰਸਤੇ 'ਤੇ ਇਰਾਨ ਦਾ ਮੁਕੰਮਲ ਕੰਟਰੋਲ ਹੋਵੇਗਾ।
​ਪਰਮਾਣੂ ਅਧਿਕਾਰ: ਯੂਰੇਨੀਅਮ ਸੰਵਰਧਨ ਦੇ ਇਰਾਨੀ ਅਧਿਕਾਰ ਨੂੰ ਅੰਤਰਰਾਸ਼ਟਰੀ ਮਾਨਤਾ।
​ਪਾਬੰਦੀਆਂ ਦਾ ਖਾਤਮਾ: ਸਾਰੀਆਂ ਆਰਥਿਕ ਅਤੇ ਰਾਜਨੀਤਿਕ ਪਾਬੰਦੀਆਂ ਨੂੰ ਤੁਰੰਤ ਹਟਾਉਣਾ।
​ਅੰਤਰਰਾਸ਼ਟਰੀ ਮਤੇ: UN ਅਤੇ IAEA ਦੇ ਇਰਾਨ ਵਿਰੋਧੀ ਸਾਰੇ ਮਤਿਆਂ ਨੂੰ ਰੱਦ ਕਰਨਾ।
​ਜੰਗ ਦਾ ਹਰਜਾਨਾ: ਅਮਰੀਕੀ ਹਮਲਿਆਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਭਾਰੀ ਜੁਰਮਾਨਾ।
​ਫੌਜੀ ਵਾਪਸੀ: ਮੱਧ-ਪੂਰਬ ਖੇਤਰ ਵਿੱਚੋਂ ਸਾਰੀਆਂ ਅਮਰੀਕੀ ਲੜਾਕੂ ਫੌਜਾਂ ਦਾ ਬਾਹਰ ਨਿਕਲਣਾ।
​ਲੇਬਨਾਨ ਮੋਰਚਾ: ਹਿਜ਼ਬੁੱਲਾ ਅਤੇ ਹੋਰ ਇਸਲਾਮਿਕ ਪ੍ਰਤੀਰੋਧਾਂ ਵਿਰੁੱਧ ਜੰਗ ਦਾ ਖਾਤਮਾ।
​ਖੇਤਰੀ ਸੁਰੱਖਿਆ: ਅਮਰੀਕੀ ਦਖਲ ਤੋਂ ਮੁਕਤ ਨਵਾਂ ਖੇਤਰੀ ਸੁਰੱਖਿਆ ਢਾਂਚਾ।
​ਵਿਗਿਆਨਕ ਖੁਦਮੁਖਤਿਆਰੀ: ਇਰਾਨ ਦੇ ਤਕਨੀਕੀ ਵਿਕਾਸ 'ਤੇ ਬਾਹਰੀ ਨਿਗਰਾਨੀ ਦੀ ਸਮਾਪਤੀ।
ਅਮਰੀਕਾ ਦਾ ਪੱਖ: ਟਰੰਪ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਫੌਜੀ ਉਦੇਸ਼ ਪੂਰੇ ਕਰ ਲਏ ਹਨ ਅਤੇ ਉਹ ਹੁਣ 'Peace through Strength' (ਤਾਕਤ ਰਾਹੀਂ ਸ਼ਾਂਤੀ) ਦੀ ਨੀਤੀ 'ਤੇ ਚੱਲ ਰਹੇ ਹਨ।

ਅਸਲ ਵਿੱਚ ਕੋਈ ਨਹੀਂ ਜਿੱਤਿਆ। ਈਰਾਨ ਨੇ ਆਪਣਾ ਸਰਵਉੱਚ ਨੇਤਾ ਗੁਆਇਆ ਹੈ ਅਤੇ ਅਮਰੀਕਾ ਨੂੰ ਆਪਣੀ 'ਸੱਭਿਅਤਾ ਖ਼ਤਮ ਕਰਨ' ਦੀ ਧਮਕੀ ਤੋਂ ਪਿੱਛੇ ਹਟਣਾ ਪਿਆ ਤੇ ਆਪਣਾ ਵੀ ਨੁਕਸਾਨ ਕਰਵਾਉਣਾ ਪਿਆ।

ਮੋਜਤਬਾ ਖ਼ਾਮੇਨੇਈ ਨੇ ਟਰੰਪ ਨੂੰ ਸਾਫ਼ ਕਿਹਾ ਹੈ ਕਿ "ਹੱਥ ਅਜੇ ਵੀ ਟ੍ਰਿਗਰ 'ਤੇ ਹਨ।" ਈਰਾਨ ਨੇ ਇਹ ਸੀਜ਼ਫਾਇਰ ਕਿਸੇ ਡਰ ਕਰਕੇ ਨਹੀਂ, ਸਗੋਂ ਇੱਕ ਮੌਕੇ ਵਜੋਂ ਲਿਆ ਹੈ।


​ ਟਰੰਪ ਦੀ ਰਣਨੀਤੀ: ਧਮਕੀ ਤੋਂ ਡਿਪਲੋਮੇਸੀ ਤੱਕ ਦਾ ਸਫ਼ਰ

​ਬੀਤੇ ਮੰਗਲਵਾਰ ਸਵੇਰੇ ਰਾਸ਼ਟਰਪਤੀ ਟਰੰਪ ਨੇ ਬੇਹੱਦ ਹਮਲਾਵਰ ਰੁਖ ਅਖਤਿਆਰ ਕਰਦਿਆਂ ਕਿਹਾ ਸੀ ਕਿ "ਅੱਜ ਰਾਤ ਇੱਕ ਪੂਰੀ ਸਭਿਅਤਾ ਖਤਮ ਹੋ ਜਾਵੇਗੀ।" ਪਰ ਇਸ ਦੇ ਮਹਿਜ਼ 10 ਘੰਟਿਆਂ ਬਾਅਦ ਜੰਗਬੰਦੀ ਦਾ ਐਲਾਨ ਕਰਨਾ ਸਭ ਨੂੰ ਹੈਰਾਨ ਕਰ ਗਿਆ।ਹੁਣ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਵਿੱਚ ਮਿਲਣਗੇ।

ਈਰਾਨੀ ਮੀਡੀਆ ਮੁਤਾਬਕ, ਤੇਹਰਾਨ ਨੇ ਸ਼ਰਤ ਰੱਖੀ ਹੈ ਕਿ ਉਹ ਹੋਰਮੁਜ਼ ਦੇ ਜਲਡਮਰੂ 'ਤੇ ਆਪਣਾ ਕੰਟਰੋਲ ਬਰਕਰਾਰ ਰੱਖੇਗਾ ਅਤੇ ਅਮਰੀਕਾ ਨੂੰ ਈਰਾਨ ਦੇ ਘਰੇਲੂ ਯੂਰੇਨੀਅਮ ਸੰਵਰਧਨ ਪ੍ਰੋਗਰਾਮ ਨੂੰ ਮਾਨਤਾ ਦੇਣੀ ਪਵੇਗੀ।

Box

​ਅਮਰੀਕਾ ਵਿਚ ਟਰੰਪ ਦਾ ਵਿਰੋਧ
​ਟਰੰਪ ਦੇ ਆਪਣੇ ਹੀ ਖੇਮੇ ਦੇ ਕੁਝ ਆਗੂ ਇਸ ਨਰਮਾਈ ਤੋਂ ਖੁਸ਼ ਨਹੀਂ ਹਨ। ਸੈਨੇਟਰ ਲਿੰਡਸੇ ਗ੍ਰਾਹਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਈਰਾਨ ਨੇ ਪਹਿਲਾਂ ਵੀ ਅੰਤਰਰਾਸ਼ਟਰੀ ਜਲ ਮਾਰਗਾਂ 'ਤੇ ਹਮਲੇ ਕਰਕੇ ਸਮੁੰਦਰੀ ਆਜ਼ਾਦੀ ਨੂੰ ਖਤਮ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਕਿਸੇ ਵੀ ਅਜਿਹੇ ਸਮਝੌਤੇ ਦੀ ਸਖ਼ਤ ਸਮੀਖਿਆ ਕਰੇਗੀ ਜੋ ਈਰਾਨ ਨੂੰ ਦੁਬਾਰਾ ਪਰਮਾਣੂ ਕਾਰੋਬਾਰ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੋਵੇ।ਇਸੇ ਦੌਰਾਨ, ਫਾਰ-ਰਾਈਟ ਕਾਰਕੁਨ ਲੌਰਾ ਲੂਮਰ ਨੇ ਇਸ ਨੂੰ ਅਮਰੀਕਾ ਦੀ ਹਾਰ ਕਰਾਰ ਦਿੰਦਿਆਂ ਕਿਹਾ, "ਅਸੀਂ ਇਸ ਗੱਲਬਾਤ ਤੋਂ ਕੁਝ ਵੀ ਹਾਸਲ ਨਹੀਂ ਕੀਤਾ, ਉਲਟਾ ਅੱਤਵਾਦੀ ਜਸ਼ਨ ਮਨਾ ਰਹੇ ਹਨ।" ਮਾਰਕ ਲੇਵਿਨ ਵਰਗੇ ਟਿੱਪਣੀਕਾਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਦੁਸ਼ਮਣ ਅਜੇ ਵੀ ਖਤਮ ਨਹੀਂ ਹੋਇਆ ਹੈ।

ਡੈਮੋਕ੍ਰੇਟਿਕ ਆਗੂਆਂ ਨੇ ਜੰਗਬੰਦੀ ਦਾ ਸਵਾਗਤ ਤਾਂ ਕੀਤਾ ਹੈ, ਪਰ ਉਨ੍ਹਾਂ ਦਾ ਮੁੱਖ ਨਿਸ਼ਾਨਾ ਜੰਗ ਦੀ "ਗੈਰ-ਕਾਨੂੰਨੀ" ਸ਼ੁਰੂਆਤ ਹੈ।​ਸੈਨੇਟਰ ਰੂਬੇਨ ਗੈਲੇਗੋ ਨੇ ਕਿਹਾ ਕਿ ਫੌਜੀਆਂ ਦੀ ਜਾਨ ਬਚਾਉਣਾ ਚੰਗੀ ਗੱਲ ਹੈ, ਪਰ ਟਰੰਪ ਪ੍ਰਸ਼ਾਸਨ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਬਿਨਾਂ ਕਾਂਗਰਸੀ ਮਨਜ਼ੂਰੀ ਦੇ ਇਹ ਜੰਗ ਕਿਉਂ ਸ਼ੁਰੂ ਕੀਤੀ ਗਈ।​ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਨੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਜੰਗਬੰਦੀ ਨਾਲ ਟਰੰਪ ਦੇ ਅਪਰਾਧ ਘੱਟ ਨਹੀਂ ਹੁੰਦੇ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਦੁਹਰਾਈ ਹੈ।​ਸੈਨੇਟਰ ਐਡ ਮਾਰਕੀ ਨੇ ਕਿਹਾ ਕਿ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ "ਜੰਗੀ ਅਪਰਾਧ" ਦੇ ਬਰਾਬਰ ਹਨ।

​ਮਾਨਵ ਅਧਿਕਾਰ ਸੰਗਠਨ ਡਾਨ ਦੇ ਐਡਵੋਕੇਸੀ ਡਾਇਰੈਕਟਰ ਰਾਏਦ ਜਰਾਰ ਮੁਤਾਬਕ, "ਇਹ ਜੰਗਬੰਦੀ ਕੋਈ ਸਾਫ਼ ਸਲੇਟ ਨਹੀਂ ਹੈ। ਇਹ ਤਾਂ ਸਗੋਂ ਜਵਾਬਦੇਹੀ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।" ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਹੋਵੇ ਕਿ ਜੰਗ ਤੋਂ ਕਿਸ ਨੇ ਮੁਨਾਫਾ ਕਮਾਇਆ ਅਤੇ ਬੇਕਸੂਰ ਨਾਗਰਿਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ।

Box



​ਅਗਲੇ ਦੋ ਹਫ਼ਤੇ ਵਿਸ਼ਵ ਸ਼ਾਂਤੀ ਲਈ ਬਹੁਤ ਮਹੱਤਵਪੂਰਨ

ਅਗਲੇ ਦੋ ਹਫ਼ਤੇ ਵਿਸ਼ਵ ਸ਼ਾਂਤੀ ਲਈ ਬਹੁਤ ਮਹੱਤਵਪੂਰਨ ਹਨ। ਜੇਕਰ ਇਸਲਾਮਾਬਾਦ ਵਿੱਚ ਹੋਣ ਵਾਲੀ ਗੱਲਬਾਤ ਨਾਕਾਮ ਰਹਿੰਦੀ ਹੈ, ਤਾਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੰਗ ਪਹਿਲਾਂ ਨਾਲੋਂ ਵੀ ਵੱਧ ਭਿਆਨਕ ਰੂਪ ਵਿੱਚ ਦੁਬਾਰਾ ਸ਼ੁਰੂ ਹੋ ਸਕਦੀ ਹੈ। ਫਿਲਹਾਲ, ਅਮਰੀਕੀ ਕਾਂਗਰਸ ਵਿੱਚ ਟਰੰਪ ਵਿਰੁੱਧ ਬਗਾਵਤ ਦੇ ਸੁਰ ਬਹੁਤ ਉੱਚੇ ਹਨ।ਜੰਗਬੰਦੀ ਡਿਪਲੋਮੇਸੀ ਦੀ ਜਿੱਤ ਨਹੀਂ, ਸਗੋਂ ਦੋਵਾਂ ਦੇਸ਼ਾਂ ਦੀ ਮੌਜੂਦਾ ਮਜ਼ਬੂਰੀ ਦਾ ਨਤੀਜਾ ਹੈ।