ਦਿੱਲੀ ਵਾਲੇ ਪੰਜਾਬ ਨੂੰ ਲੁੱਟ ਰਹੇ ਨੇ ਪਰ ਪੰਜਾਬ ਦਾ ਚੌਕੀਦਾਰ ਚੁੱਪ: ਬਾਜਵਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਵਾਲੇ ਆਗੂ ਪੰਜਾਬ ਨੂੰ ਲੁੱਟ ਰਹੇ ਹਨ ਪਰ ਪੰਜਾਬ ਦਾ ਚੌਕੀਦਾਰ ਸੁੱਤਾ ਪਿਆ ਹੈ, ਜੇ ਅਦਾਲਤਾਂ ਨਾ ਹੁੰਦੀਆਂ ਤਾਂ ਇਨ੍ਹਾਂ ਨੇ ਸਾਰਾ ਪੰਜਾਬ ਹੀ ਵੇਚ ਦੇਣਾ ਸੀ। ਉਹ ਅੱਜ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ &rsquoਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਬਾਜਵਾ ਨੇ ਕਿਹਾ ਕਿ ਸੱਤਾਧਾਰੀਆਂ ਦੇ ਸਿਆਸੀ ਗੁਰੂ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਲਈ ਕਰਜ਼ਾ ਨਹੀਂ ਲੈਣਾ ਸਗੋਂ ਉਹ ਪੰਜਾਬ ਵਾਸਤੇ ਆਮਦਨ ਵਜੋਂ 54 ਹਜ਼ਾਰ ਕਰੋੜ ਰੁਪਏ ਸਾਲਾਨਾ ਦੇਵੇਗਾ ਪਰ &lsquoਆਪ&rsquo ਨੇ 1.26 ਕਰੋੜ ਕਰਜ਼ਾ ਲੈ ਲਿਆ ਅਤੇ 50 ਹਜ਼ਾਰ ਕਰੋੜ ਹੋਰ ਲੈਣਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਛੇ ਹਜ਼ਾਰ ਕਰੋੜ ਰੁਪਏ ਬਕਾਇਆ ਨਹੀਂ ਦਿੱਤਾ, ਪੁਰਾਣੀ ਪੈਨਸ਼ਨ ਸਕੀਮ ਦੇਣ ਤੋਂ ਭੱਜ ਰਹੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਜੇ ਉਹ ਸੱਤਾ &rsquoਚ ਆਏ ਤਾਂ ਮੁੱਖ ਮੰਤਰੀ ਨੂੰ ਕਟਹਿਰੇ &rsquoਚ ਖੜ੍ਹਾ ਕਰਨਗੇ। ਇਸੇ ਤਰ੍ਹਾਂ ਸ੍ਰੀ ਵੜਿੰਗ ਨੇ ਕਿਹਾ ਹੈ ਕਿ ਰਾਘਵ ਚੱਢਾ ਪੰਜਾਬ ਦਾ ਮੁੱਦਾ ਨਹੀਂ ਹੈ ਅਤੇ ਨਾ ਹੀ ਇਹ ਚਰਚਾ ਦਾ ਵਿਸ਼ਾ ਹੈ। ਮੁੱਦਾ ਇਹ ਹੈ ਕਿ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕੌਣ ਕੱਢੇਗਾ, ਸੂਬੇ ਦੀ ਅਮਨ-ਕਾਨੂੰਨ ਦੀ ਮਾੜੀ ਹਾਲਤ ਨੂੰ ਕੌਣ ਸੁਧਾਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਜਿਹੀ ਤਰਸਯੋਗ ਹਾਲਤ ਪਹਿਲਾਂ ਕਦੇ ਨਹੀਂ ਦੇਖੀ। ਮੁੱਖ ਮੰਤਰੀ ਕੋਲ ਪੰਜਾਬ ਦੇ ਕਿਸੇ ਮੁੱਦੇ ਦਾ ਹੱਲ ਨਹੀਂ ਹੈ। ਉਹ ਪੰਜਾਬ ਦੇ ਮਸਲਿਆਂ ਉੱਪਰ ਗੱਲ ਕਰਨ ਦੀ ਥਾਂ ਵਿਰੋਧੀਆਂ &rsquoਤੇ ਨਿੱਜੀ ਟਿੱਪਣੀਆਂ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਇਹ ਰਾਜਨੀਤੀ ਨਹੀਂ ਹੈ। ਕਿਸਾਨ ਬੇਮੌਸਮੀ ਬਰਸਾਤ ਅਤੇ ਗੜਿਆਂ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਅਤੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਪਰ ਐੱਮ ਐੱਸ ਪੀ ਦੇਣ ਦਾ ਵਾਅਦਾ ਕਰਨ ਵਾਲੇ ਚੁੱਪ ਹਨ। ਸ੍ਰੀ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਕਰ ਕੇ ਐਂਟਰੀ ਟੈਕਸ ਘਟਵਾਇਆ ਹੈ। ਉਹ ਜਲਦੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਮੰਗ ਕਰਨਗੇ ਕਿ ਇਹ ਟੈਕਸ ਵਾਪਸ ਲਿਆ ਜਾਵੇ।