ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਦਸਮੇਸ਼ ਪਿਤਾ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਸਿੱਖੀ ਸਿਧਾਂਤਾਂ ਨੂੰ ਹੀ 1699 ਦੀ ਵੈਸਾਖੀ ਦਾ ਪੈਗਾਮ ਬਣਾਇਆ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਸਿੱਖ ਰਾਸ਼ਟਰ ਦਾ ਪ੍ਰਤੀਕ ਹੈ ਖ਼ਾਲਸੇ ਦਾ ਪ੍ਰਗਟ ਦਿਹਾੜਾ । ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਹੀ ਸਿੱਖੀ ਜੀਵਨ ਦਾ ਆਰੰਭ ਦੱਸਿਆ ਅਰਥਾਤ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ 
ਸਿਰੁ ਦੀਜੈ ਕਾਣਿ ਨ ਕੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1412)
  ਗੁਰੂ ਨਾਨਕ ਸਾਹਿਬ ਨੇ ਹੀ ਹਿੰਦੂ ਤੇ ਮੁਸਲਮਾਨ ਦੋਹਾਂ ਤੋਂ ਵੱਖਰੇ ਤੀਸਰੇ ਪੰਥ ਦੀ ਨੀਂਹ ਰੱਖ ਦਿੱਤੀ ਸੀ, ਜਿਸ ਨੂੰ ਭਾਈ ਗੁਰਦਾਸ ਜੀ ਨੇ : ਮਾਰਿਆ ਸਿਕਾ ਜਗਤਿ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥ ਦਾ ਨਾਂ ਦਿੱਤਾ ਹੈ । ਗੁਰੂ ਨਾਨਕ ਸਾਹਿਬ ਨੇ ਉਸ ਵੇਲ਼ੇ ਦੇ ਦੋਹਾਂ ਮਜ਼੍ਹਬਾਂ ਨਾਲ਼ੋਂ ਵੱਖਰੇ ਤੀਸਰੇ ਪੰਥ ਭਾਵ ਰਾਜਸੀ ਸਿੱਖ ਕੌਮ ਦੀ ਨੀਂਹ ਹੇਠ ਲਿਖੇ ਤਿੰਨ ਨਿਸ਼ਾਨੇ ਪੂਰੇ ਕਰਨ ਲਈ ਰੱਖੀ :
 1. ਪਹਿਲਾ ਨਿਸ਼ਾਨਾ ਸੀ ਮਨੁੱਖ ਜਾਤੀ ਦੀ ਮੁਕੰਮਲ ਅਜ਼ਾਦੀ ਤੇ ਬਰਾਬਰੀ ਦੇ ਆਦਰਸ਼ ਦਾ ਪ੍ਰਚਾਰ ਕਰਨਾ।
 2. ਦੂਸਰਾ ਨਿਸ਼ਾਨਾ ਸੀ ਇਸ ਆਦਰਸ਼ ਦੀਆਂ ਲੀਹਾਂ ਉੱਤੇ ਜਾਤ-ਪਾਤ ਰਹਿਤ ਇੱਕ ਨਵਾਂ ਸਮਾਜ, ਨਿਰਮਲ ਪੰਥ ਉਸਾਰਨਾ।
 3. ਤੀਸਰਾ ਨਿਸ਼ਾਨਾ ਸੀ ਨਿਰਮਲ ਪੰਥ ਨੂੰ ਸਹਿਜੇ-ਸਹਿਜੇ ਖ਼ਾਲਸਾ ਪੰਥ ਤਕ ਵਿਕਸਤ ਕਰ ਕੇ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ।
  ਗੁਰੂ ਨਾਨਕ ਸਾਹਿਬ ਜੋ ਰੂਹਾਨੀ ਤੇ ਸਮਾਜੀ: ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 966) ਦਾ ਮਿਸ਼ਨ ਆਪਣਾ ਕੇ ਚੱਲੇ ਸਨ, ਉਹ ਕਿਸੇ ਵੀ ਕਾਇਮ ਮੁਕਾਮ ਸਮਾਜ ਹਿੰਦੂ ਜਾਂ ਮੁਸਲਮਾਨ ਚੌਖਟੇ ਵਿੱਚ ਰਹਿੰਦਿਆਂ ਪੂਰਾ ਨਹੀਂ ਸੀ ਹੋ ਸਕਦਾ । ਇਸ ਦੀ ਪੂਰਤੀ ਲਈ ਇੱਕ ਅਸਲੋਂ ਹੀ ਵੱਖਰੇ ਤੇ ਨਵੇਂ ਸਮਾਜ ਦੀ ਸਥਾਪਨਾ ਕਰਨੀ ਜ਼ਰੂਰੀ ਸੀ। ਸਮਾਜੀ ਵਿਕਾਸ ਦਾ ਇਹ ਕੰਮ ਇੰਨਾ ਸੌਖਾ ਤੇ ਸਰਲ ਨਹੀਂ ਹੁੰਦਾ। ਗੁਰੂ ਨਾਨਕ ਨੇ ਇੱਕ ਵੱਖਰੀ ਕਿਸਮ ਦੀ ਸਿੱਖ ਸੰਗਤ ਸਿਰਜੀ ਜੋ ਸਮਕਾਲੀ ਹਿੰਦੂ ਅਤੇ ਮੁਸਲਮਾਨਾਂ ਦੇ ਸਮਾਜਾਂ ਨਾਲ਼ੋਂ ਮੂਲ ਰੂਪ ਵਿੱਚ ਵੱਖਰੀ ਸੀ । ਸਿੱਖ ਧਰਮ ਨੇ ਅਜਿਹੇ ਗੁਰਮੁਖਿ ਪੈਦਾ ਕੀਤੇ ਜੋ ਗੁਰੂ ਨਾਨਕ ਦੇ ਮਿਸ਼ਨ ਨਾਲ਼ ਓਤ-ਪ੍ਰੋਤ ਸਨ, ਜੋ ਨਿਰਭੈ ਨਿਰਵੈਰ ਸਨ ਤੇ ਜੋ ਆਪਸ ਵਿੱਚ ਗੁਰਭਾਈ ਸਨ । ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜ਼ੋਰਾਵਰ ਨਹੀਂ, ਕੋਈ ਨਿਤਾਣਾ ਨਹੀਂ, ਕੋਈ ਮਲੇਛ ਨਹੀਂ, ਕਾਫ਼ਰ ਨਹੀਂ । ਗੁਰੂ ਨਾਨਕ ਜੀ ਦੀ ਚਰਨ-ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ-ਲੇਵਾ ਸਿੱਖ ਸੀ, ਗੁਰੂ ਨਾਨਕ ਦੀ ਸੰਗਤ ਲਈ ਦਰਵਾਜ਼ੇ ਚਹੁੰ ਵਰਣਾਂ ਲਈ ਖੁੱਲ੍ਹੇ ਸਨ ਪਰ ਇਹ ਚੌਖਟ ਨਹੀਂ ਸਨ ਭਾਵ ਜਿੱਥੇ ਰੰਗ, ਨਸਲ, ਜਾਤ ਅਤੇ ਧਰਮ ਦਾ ਕੋਈ ਭੇਦ-ਭਾਵ ਨਹੀਂ ਸੀ, ਓਥੇ ਸਿੱਖੀ ਦੀ ਵਿਚਾਰਧਾਰਾ ਵਿੱਚ ਕੋਈ ਛੋਟ ਨਹੀਂ ਸੀ । ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 466 &rsquoਤੇ ਲਿਖਦੇ ਹਨ : ਜਾਤਿ ਅਭਿਮਾਨ ਦੂਰ ਕਰਨ ਅਤੇ ਨੇਮਤਾ ਦੇ ਪ੍ਰਚਾਰ ਲਈ ਚਰਨਾਂਮ੍ਰਿਤ ਦੀ ਰੀਤ ਚਲਾਈ ਸੀ । ਆਪ ਮਹਾਨ ਕੋਸ਼ (1981 ਦੇ ਸੰਸਕਰਣ) ਦੇ ਪੰਨਾ 457 ਤੇ ਲਿਖਦੇ ਹਨ :
  ਨੌਂ-ਸਤਿਗੁਰਾਂ ਵੇਲ਼ੇ ਤੱਕ ਸਿੱਖ ਧਰਮ ਵਿੱਚ ਲਿਆਉਣ ਲਈ ਚਰਨਾਂਮ੍ਰਿਤ ਪਿਆਇਆ ਜਾਂਦਾ ਸੀ। ਇਸ ਦਾ ਨਾਮ ਚਰਨ-ਪਾਹੁਲ ਅਤੇ ਪਗ ਪਾਹੁਲ ਵੀ ਿਲਿਖਆ ਹੈ ।
   ਗੁਰੂ ਨਾਨਕ ਦੇ ਚਰਨ ਪਹੁਲੀਏ ਪੰਥ ਦੀ ਨਵੀਨਤਮ ਪਰਿਭਾਸ਼ਾ ਨੂੰ ਅੰਤਿਮ ਸਰੂਪ ਦਸਮੇਸ਼ ਪਿਤਾ ਨੇ ਬਖ਼ਸ਼ਿਸ਼ ਕੀਤੀ, ਭਾਵ ਨਿਰਮਲ ਪੰਥ ਤੋਂ ਖ਼ਾਲਸਾ ਪੰਥ । ਖ਼ਾਲਸਾ ਪੰਥ ਦੀ ਸਾਜਨਾ (ਸੰਪੂਰਨਤਾ) ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ ਚਰਨ ਪਾਹੁਲ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਦਿੱਤਾ । ਪੰਥ ਦੀ ਪਰਿਭਾਸ਼ਾ ਸਾਰੇ ਗੁਰੂ-ਕਾਲ ਵਿੱਚ ਵਿਕਸਤ ਹੁੰਦੀ ਗਈ, ਸਹਿਜੇ-ਸਹਿਜੇ ਪੰਥ ਨੂੰ ਆਪਣੇ ਅੰਤਿਮ ਸਰੂਪ ਖ਼ਾਲਸਾ ਪੰਥ ਦੇ ਰੂਪ ਵਿੱਚ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਨੂੰ ਪ੍ਰਗਟ ਕੀਤਾ ।
ਗੁਰੁ ਬਰ ਅਕਾਲ ਦੇ ਹੁਕਮ ਸੋਂਉਂ, ਉਪਜਿਓ ਬਿਗਿਆਨਾ।
ਤਬ ਸਹਿਜੇ ਰਚਿਓ ਖ਼ਾਲਸਾ ਸਾਬਤ ਮਰਦਾਨਾ।
(ਭਾਈ ਗੁਰਦਾਸ ਦੂਜਾ, ਵਾਰ 41, ਪਉੜੀ 16)
  ਅਤੇ
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ॥
    ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਾਜਨਾ ਤਕ ਗੁਰੂ ਕਾਲ ਦੀਆਂ ਕੁਝ ਘਟਨਾਵਾਂ ਤੇ ਪੰਛੀ-ਝਾਤ ਮਾਰਨੀ ਵੀ ਜ਼ਰੂਰੀ ਹੈ। ਸਿੱਖ ਧਰਮ ਇੱਕ ਖ਼ਾਸ ਸਿਫ਼ਤ ਵਾਲ਼ਾ ਧਰਮ ਹੈ ਕਿਉਂਕਿ ਇਸ ਨੇ ਨਾ ਕੇਵਲ ਇੱਕ ਰਾਜਸੀ ਕੌਮ ਦੀ ਸਿਰਜਨਾ ਕੀਤੀ ਸਗੋਂ ਅਜਿਹੀਆਂ ਪਰੰਪਰਾਵਾਂ, ਰਵਾਇਤਾਂ ਸਥਾਪਤ ਕੀਤੀਆਂ ਜੋ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਵਾਲ਼ੀਆਂ ਹਨ। ਗੁਰੂ ਨਾਨਕ ਸਾਹਿਬ ਨੇ ਤੀਸਰੇ ਰਾਹ ਦੀ ਮੰਜ਼ਲ ਤੇ ਦਿਸ਼ਾਵਾਂ ਸਾਫ਼ ਉਲੀਕ ਦਿੱਤੀਆਂ ਸਨ। ਉਹਨਾਂ ਤੋਂ ਬਾਅਦ ਅਗਲੇ ਗੁਰੂਆਂ ਨੇ ਜੋ ਵੀ ਕਦਮ ਪੁੱਟੇ, ਉਹ ਮਿੱਥੀ ਹੋਈ ਮੰਜ਼ਲ ਦੀ ਦਿਸ਼ਾ ਵਿੱਚ ਹੀ ਪੁੱਟੇ। ਜੋ ਉਸਾਰੀ ਹੋਈ, ਉਹ ਸੁਚੇਤ ਤੇ ਯੋਜਨਾਬੱਧ ਰੂਪ ਵਿੱਚ ਹੋਈ, ਹਰ ਚੀਜ਼ ਸਿਰਜੀ ਗਈ । ਕੁੱਛ ਵੀ ਆਪ-ਮੁਹਾਰਾ ਜਾਂ ਇਤਫ਼ਾਕੀਆ ਨਹੀਂ ਵਾਪਰਿਆ।
   1469 ਤੋਂ 1699 ਈ. ਤਕ  ਅਤੇ 1699 ਈ. ਤੋਂ 1708 ਈ. ਤੱਕ ਸਿੱਖ ਗੁਰੂਆਂ ਨੇ ਸਿੱਖ ਪੰਥ ਦੀ ਆਪ ਸਿੱਧੇ ਰੂਪ ਵਿੱਚ ਅਗਵਾਈ ਕੀਤੀ । ਸਿੱਖ ਧਰਮ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿੱਦਤ ਨਾਲ਼ ਐਨੀ ਸੰਯੁਕਤਤਾ ਸਹਿਤ ਦੋ ਸੌ ਸਾਲ ਤੋਂ ਉੱਤੇ ਫੈਲੇ ਦੌਰ ਨੂੰ ਆਪਣੀ ਪੈਗ਼ੰਬਰੀ ਅਜ਼ਮਤ ਦਾ ਪਾਤਰ ਨਹੀਂ ਬਣਾਇਆ। ਸਿੱਖ ਧਰਮ ਦੇ ਆਦਰਸ਼ ਇਤਿਹਾਸ ਦੇ ਅਮਲ ਵਿੱਚੋਂ ਪੈਦਾ ਨਹੀਂ ਹੋਏ। ਇਹ ਸਿੱਖ-ਗੁਰੂਆਂ ਦੀ ਆਪਣੀ ਅੰਦਰੂਨੀ ਪ੍ਰੇਰਨਾ ਅਤੇ ਅਕਾਲੀ ਬਾਣੀ ਵਿੱਚੋਂ ਉਪਜੇ ਹਨ। ਇਹ ਕੋਈ ਬਾਹਰੀ ਚੀਜ਼ ਨਹੀਂ ਸੀ ਜਿਸ ਨੂੰ ਸਿੱਖ ਗੁਰੂਆਂ ਨੇ ਤੇ ਉਹਨਾਂ ਦੇ ਰੰਗ ਵਿੱਚ ਰੰਗੇ ਸਿੱਖਾਂ ਨੇ ਅਪਣਾਇਆ ਜਾਂ ਗ੍ਰਹਿਣ ਕੀਤਾ । ਇਤਿਹਾਸ ਨੇ ਸਿੱਖ ਆਦਰਸ਼ ਨਹੀਂ ਸਿਰਜੇ, ਸਗੋਂ ਸਿੱਖ ਆਦਰਸ਼ਾਂ ਨੇ ਇਤਿਹਾਸ ਸਿਰਜਿਆ ਹੈ&mdashਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਿਕ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਤੇ ਇੱਕ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ । ਸਿੱਖ ਰਾਸ਼ਟਰ ਦੇ ਆਤਮ ਨਿਰਣੇ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ । ਸਿੱਖ ਰਾਸ਼ਟਰ ਦੇ ਛੇਵੇਂ ਬਾਦਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਪਿਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਸਿੱਖ ਰਾਸ਼ਟਰ ਲਈ ਸ਼ਹਾਦਤ ਦਿੱਤੀ । ਉਹਨਾਂ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਨੇ ਦਿੱਲੀ ਦੇ ਤਖ਼ਤ ਨਾਲ਼ ਸਿੱਧੀ ਟੱਕਰ ਲਈ । ਸੱਤਵੇਂ ਤੇ ਅੱਠਵੇਂ ਸਿੱਖ ਗੁਰੂ ਸਾਹਿਬਾਨ ਨੇ ਵੀ ਦਿੱਲੀ ਤਖ਼ਤ ਨਾਲ਼ ਸੁਲ੍ਹਾ ਨਹੀਂ ਕੀਤੀ ਸਗੋਂ ਟਕਰਾਅ ਜਾਰੀ ਰੱਖਿਆ । ਸਿੱਖ ਰਾਸ਼ਟਰ ਦੇ ਨੌਵੇਂ ਬਾਦਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਵੀ ਸਿੱਖ ਰਾਸ਼ਟਰ ਦੇ ਵਾਧੇ ਲਈ ਸ਼ਹਾਦਤ ਦਿੱਤੀ ।
   ਬਾਬੇਕੇ ਤੇ ਬਾਬਰਕਿਆਂ ਦੇ ਟਕਰਾਅ ਵਾਲ਼ੇ ਇਤਿਹਾਸ ਦੀ ਸੱਚਾਈ ਇਹ ਵੀ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਉਹ ਖ਼ਾਲਸਾ ਪ੍ਰਗਟ ਕੀਤਾ ਜਿਸ ਨੇ ਦੁਨੀਆਂ ਦੇ ਇਤਿਹਾਸ ਵਿੱਚ ਹੈਰਾਨ ਕਰਨ ਵਾਲ਼ੇ ਕਾਰਨਾਮੇ ਕਰ ਵਿਖਾਏ ਹਨ । ਫ਼ਰਾਂਸ ਦਾ ਇਨਕਲਾਬ 1789 ਈ. ਵਿੱਚ ਸ਼ੁਰੂ ਹੋਇਆ । ਖ਼ਾਲਸਾ ਇਸ ਤੋਂ 90 ਸਾਲ ਪਹਿਲਾਂ 1699 ਈ. ਨੂੰ ਪ੍ਰਗਟ ਹੋਇਆ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਜਰਨੈਲ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਅਜਿੱਤ ਸਮਝੀ ਜਾਂਦੀ ਮੁਗ਼ਲੀਆ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ । ਖ਼ਾਲਸਾ ਪੰਥ ਦੇ ਜੇਤੂ ਜਰਨੈਲ ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਦਰਬਾਰੇ ਖ਼ਾਲਸਾ ਬੁਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਤੇ ਮੋਹਰਾਂ ਚਾਲੂ ਕੀਤੀਆਂ । ਜਦੋਂ ਖ਼ਾਲਸੇ ਦੇ ਹੱਥ ਪਹਿਲੀ ਵਾਰੀ ਰਾਜਸੀ ਤਾਕਤ ਆਈ ਤਾਂ ਓਦੋਂ ਹਿੰਦੂ ਸਮਾਜ ਦੀਆਂ ਨਜ਼ਰਾਂ ਵਿੱਚ ਜੋ ਸਭ ਤੋਂ ਨੀਵੇਂ ਸਨ, ਉਹ ਖੰਡੇ ਦੀ ਪਾਹੁਲ ਛਕ ਕੇ ਰਾਜਸੀ ਸੱਤਾ ਵਿੱਚ ਬਰਾਬਰ ਦੇ ਭਾਈਵਾਲ ਬਣੇ ।
   ਸਿੱਖ ਇਤਿਹਾਸ ਦੇ ਹਿੰਦੂ ਇਤਿਹਾਸਕਾਰਾਂ ਨੇ ਖ਼ਾਲਸੇ ਦੀ ਸਾਜਨਾ ਨੂੰ ਬਿਲਕੁਲ ਇੱਕ ਨਵੇਂ ਦ਼੍ਰਿਸ਼ਟੀਕੋਣ ਤੋਂ ਲਿਆ ਹੈ, ਇਹ ਹਨ ਗੋਕਲ ਚੰਦ ਨਾਰੰਗ, ਇੰਦੂ ਭੂਸ਼ਣ ਬੈਨਰਜੀ ਅਤੇ ਹਰੀ ਰਾਮ ਗੁਪਤਾ ਆਦਿ। ਇਹਨਾਂ ਨੇ ਖ਼ਾਲਸੇ ਦੀ ਸਾਜਨਾ ਅਤੇ ਖ਼ਾਲਸੇ ਦੇ ਸੰਘਰਸ਼ ਨੂੰ ਹਿੰਦੂ ਸੁਧਾਰਵਾਦੀ ਅਤੇ ਭਾਰਤੀ ਰਾਸ਼ਟਰਵਾਦੀ ਦ਼੍ਰਿਸ਼ਟੀਕੋਣ ਤੋਂ ਬਿਆਨਿਆ ਹੈ। ਇਹਨਾਂ ਦਾ ਮੱਤ ਹੈ ਕਿ ਖ਼ਾਲਸੇ ਦੀ ਸਾਜਨਾ ਅਤੇ ਇਸ ਦਾ ਸੰਘਰਸ਼ ਭਾਰਤੀ ਰਾਸ਼ਟਰਵਾਦੀ ਸੋਚ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਹਿੰਦੂ ਇਤਿਹਾਸਕਾਰਾਂ ਵੱਲੋਂ ਖ਼ਾਲਸੇ ਦੀ ਸਾਜਨਾ ਨੂੰ ਭਾਰਤੀ ਰਾਸ਼ਟਰਵਾਦ ਦੇ ਹੱਕ ਵਿੱਚ ਭੁਗਤਾਉਣ ਵਾਲ਼ੀਆਂ ਸਭ ਦਲੀਲਾਂ ਨਿਰ-ਆਧਾਰ ਤੇ ਨਿਰਮੂਲ ਹਨ ਜੋ ਮੌਲਿਕ ਗੁਰ-ਇਤਿਹਾਸ ਤੇ ਸਿੱਖ ਇਤਿਹਾਸ ਦੇ ਪ੍ਰਮਾਣਿਕ ਤੱਥਾਂ ਨਾਲ਼ ਬਿਲਕੁਲ ਮੇਲ ਨਹੀਂ ਖਾਂਦੀਆਂ । ਅਸੀਂ ਇਹ ਦਾਅਵੇ ਨਾਲ਼ ਕਹਿੰਦੇ ਹਾਂ ਕਿ ਖ਼ਾਲਸਾ ਪੰਥ ਦੀ ਸਾਜਨਾ ਗੁਰੂ ਨਾਨਕ ਦੇ ਮਿਸ਼ਨ (ਹਲੇਮੀ ਰਾਜ) ਦੀ ਸੰਪੂਰਨਤਾ ਅਤੇ ਸਿੱਖ ਰਾਸ਼ਟਰ ਨੂੰ ਵਿਕਸਤ ਕਰਨ ਲਈ ਹੋਈ ਹੈ। 
   ਅੱਜ ਜਦੋਂ ਅਸੀਂ ਖ਼ਾਲਸੇ ਦਾ ਪ੍ਰਗਟ ਦਿਹਾੜਾ ਮਨਾਉਂਦੇ ਹਾਂ ਤਾਂ ਸਾਨੂੰ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ, ਕਿਉਂਕਿ ਸਰੀਰ ਭਾਵੇਂ ਦਸ ਹਨ ਪਰ ਗੁਰੂ ਇੱਕੋ ਹੈ : ਗੁਰੂ ਨਾਨਕ ਦੀ ਜੋਤਿ, ਜਿਸ ਨੂੰ ਗੁਰਬਾਣੀ ਨੇ ਸਿੱਧ ਕੀਤਾ &lsquoਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ&rsquo (ਅੰਗ 966)।
   ਅਕਾਲ ਤਖ਼ਤ ਦਾ ਬਾਹਰੀ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਅਕਾਲ ਤਖ਼ਤ ਪ੍ਰਗਟ ਹੋਇਆ, ਜਿਸ ਨੇ ਦਿੱਲੀ ਤਖ਼ਤ ਦੇ ਅਜਿੱਤ ਹੋਣ ਦਾ ਹੰਕਾਰ ਤੋੜਿਆ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਖ਼ਾਲਸਾ, ਜਿਸ ਨੇ ਗੁਰੂ ਨਾਨਕ ਦੇ ਨਾਂ ਦੀਆਂ ਮੋਹਰਾਂ ਤੇ ਸਿੱਕੇ ਚਲਾਏ। 1801 ਤੋਂ 1849 ਈ: ਤੱਕ ਨਾਨਕ ਦੇ ਨਾਂ ਦਾ ਸਿੱਕਾ ਚੱਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਦੇ ਗੁਰ ਇਤਿਹਾਸ ਦੇ ਅਮਲ ਨੂੰ 1699 ਈ: ਦੀ ਵੈਸਾਖੀ ਦਾ ਪੈਗਾਮ ਬਣਾਇਆ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ.