ਯੂਕੇ ਵੱਲੋਂ ਵੀਜ਼ਾ ਫੀਸਾਂ ਵਿੱਚ ਵਾਧਾ

ਯੂਨਾਈਟਿਡ ਕਿੰਗਡਮ (ਯੂਕੇ) ਨੇ ਵਿਜ਼ਿਟ, ਪੜ੍ਹਾਈ ਅਤੇ ਵਰਕ ਵੀਜ਼ਾ ਸਮੇਤ ਕਈ ਸ਼੍ਰੇਣੀਆਂ ਵਿੱਚ ਵੀਜ਼ਾ ਫੀਸਾਂ ਵਧਾ ਦਿੱਤੀਆਂ ਹਨ। ਸੋਧੀਆਂ ਹੋਈਆਂ ਦਰਾਂ 8 ਅਪਰੈਲ, 2026 ਤੋਂ ਲਾਗੂ ਹੋ ਗਈਆਂ ਹਨ, ਜਿਸ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ ਬਿਨੈਕਾਰਾਂ 'ਤੇ ਪੈਣ ਦੀ ਉਮੀਦ ਹੈ। ਨਵੇਂ ਢਾਂਚੇ ਦੇ ਤਹਿਤ ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ਾ (ਛੇ ਮਹੀਨਿਆਂ ਤੱਕ) ਦੀ ਕੀਮਤ 127 ਪੌਂਡ ਤੋਂ ਵਧਾ ਕੇ 135 ਪੌਂਡ ਕਰ ਦਿੱਤੀ ਗਈ ਹੈ, ਜਦੋਂ ਕਿ ਲੰਬੀ ਮਿਆਦ ਦੇ ਵਿਜ਼ਿਟ ਵੀਜ਼ਿਆਂ ਵਿੱਚ ਵੀ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਦੋ ਸਾਲਾਂ ਦੇ ਵੀਜ਼ੇ ਦੀ ਫੀਸ 475 ਪੌਂਡ ਤੋਂ ਵਧ ਕੇ 506ਪੌਂਡ, ਪੰਜ ਸਾਲਾਂ ਦੇ ਵੀਜ਼ੇ ਦੀ 848 ਪੌਂਡ ਤੋਂ 903 ਪੌਂਡ ਅਤੇ 10 ਸਾਲਾਂ ਦੇ ਵੀਜ਼ੇ ਦੀ ਫੀਸ 1,059 ਪੌਂਡ ਤੋਂ ਵਧ ਕੇ 1,128 ਪੌਂਡ ਹੋ ਗਈ ਹੈ।