ਤਿਉਹਾਰਾਂ ਵਿੱਚ ਹੁਣ - ਹਮਲਾਵਰਤਾ, ਅਸ਼ਲੀਲਤਾ ਅਤੇ ਫਿਰਕੂ ਤਣਾਅ ਕਿਉਂ? ​ਲੇਖਕ: ਪ੍ਰੋਫੈਸਰ ਅਪੂਰਵਾਨੰਦ ​ਤਿਉਹਾਰਾਂ ਦੌਰਾਨ ਨਿਕਲਣ ਵਾਲੇ ਜਲੂਸਾਂ ਵਿੱਚ ਭੜਕਾਊ ਨਾਅਰੇ, ਹਥਿਆਰ ਅਤੇ ਅਸ਼ਲੀਲ ਗੀਤ ਹੁਣ ਆਸਥਾ ਦੀ ਨਵੀਂ ਪਛਾਣ ਬਣ ਗਏ ਹਨ। ਪ੍ਰਸਿੱਧ ਚਿੰਤਕ ਅਤੇ ਕਾਲਮਨਵੀਸ ਅਪੂਰਵਾਨੰਦ ਦਾ ਇਹ ਲੇਖ ਸਮਾਜਿਕ ਚੁੱਪ ਅਤੇ ਪ੍ਰਸ਼ਾਸਨਿਕ ਢਿੱਲ 'ਤੇ ਕਈ ਸਵਾਲ ਉਠਾਉਂਦਾ ਹੈ

 
​ਇੱਕ ਹੋਰ ਹਿੰਦੂ ਤਿਉਹਾਰ ਬੀਤ ਗਿਆ ਹੈ। ਹੋਛਾਪਨ, ਅਸ਼ਲੀਲਤਾ, ਨਫ਼ਰਤ ਅਤੇ ਹਿੰਸਾ ਦੇ ਪ੍ਰਦਰਸ਼ਨ ਦਾ ਇੱਕ ਹੋਰ ਮੌਕਾ ਅਜੇ ਹੁਣੇ ਗੁਜ਼ਰਿਆ ਹੈ। ਇਸ ਦੌਰਾਨ ਮੁਸਲਮਾਨਾਂ ਨੂੰ ਬੇਇੱਜ਼ਤ ਕਰਨ ਦਾ ਇੱਕ ਹੋਰ ਮੌਕਾ ਲਭਿਆ ਗਿਆ ਹੈ। ਥਾਂ-ਥਾਂ ਤੋਂ ਅਜਿਹੀਆਂ ਖ਼ਬਰਾਂ ਅਤੇ ਤਸਵੀਰਾਂ ਅਜੇ ਵੀ ਆ ਰਹੀਆਂ ਹਨ ਜਿਨ੍ਹਾਂ ਵਿੱਚ ਰਾਮ ਨੌਮੀ ਅਤੇ ਹਨੂਮਾਨ ਜਯੰਤੀ ਦੇ ਜਲੂਸਾਂ ਵਿੱਚ ਸ਼ਾਮਲ ਹਿੰਦੂ ਮਸਜਿਦਾਂ, ਮਦਰੱਸਿਆਂ 'ਤੇ ਚੜ੍ਹ ਕੇ ਨੱਚ ਰਹੇ ਹਨ, ਉੱਥੇ ਲੱਗੇ ਹੋਏ ਧਾਰਮਿਕ ਨਿਸ਼ਾਨ ਨੋਚ ਕੇ ਸੁੱਟ ਰਹੇ ਹਨ ਅਤੇ ਉਨ੍ਹਾਂ 'ਤੇ ਭਗਵਾ ਝੰਡਾ ਲਗਾ ਰਹੇ ਹਨ। ਜੇਕਰ ਉਹ ਅਜਿਹਾ ਨਹੀਂ ਵੀ ਕਰ ਰਹੇ, ਤਾਂ ਤਲਵਾਰਾਂ ਅਤੇ ਹਥਿਆਰਾਂ ਨਾਲ ਹਮਲਾਵਰ ਨਾਅਰੇ ਲਗਾਉਂਦੇ ਹੋਏ ਜਲੂਸਾਂ ਦੇ ਦ੍ਰਿਸ਼ ਆਮ ਹਨ।

​ਅਕਸਰ ਪੁਲਿਸ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਦੀ। ਮੁਸਲਮਾਨਾਂ ਦਾ ਕੋਈ ਵਿਰੋਧ ਵੀ ਨਹੀਂ ਦਿਖਾਈ ਦੇ ਰਿਹਾ। ਮੁਸਲਮਾਨਾਂ ਨੂੰ ਆਪਣੇ ਤਜ਼ਰਬੇ ਤੋਂ ਪਤਾ ਹੈ ਕਿ ਜੇਕਰ ਉਨ੍ਹਾਂ ਨੇ ਇਸ ਹਿੰਸਕ ਹਿੰਦੂ ਭੀੜ ਤੋਂ ਆਪਣੀ ਮਸਜਿਦ, ਮਦਰੱਸੇ ਜਾਂ ਮਕਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂ ਹਿੰਸਾ ਦਾ ਥੋੜ੍ਹਾ ਜਿਹਾ ਵੀ ਵਿਰੋਧ ਕੀਤਾ, ਤਾਂ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ 'ਤੇ ਬੁਲਡੋਜ਼ਰ ਚਲਾਇਆ ਜਾ ਸਕਦਾ ਹੈ।

​ਦਿੱਲੀ, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼ ਤੋਂ ਤਣਾਅ ਅਤੇ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਹਿੰਸਾ ਹੋਈ ਹੈ, ਖਾਸ ਕਰਕੇ ਮੁਰਸ਼ਿਦਾਬਾਦ ਵਿੱਚ। ਇਸ ਦਾ ਕਾਰਨ ਦੱਸਦਿਆਂ ਇਹ ਤਰਕ ਦਿੱਤਾ ਜਾਵੇਗਾ ਕਿ ਮੁਸਲਮਾਨਾਂ 'ਤੇ ਹਿੰਸਾ ਇਸ ਲਈ ਹੋਈ ,ਕਿਉਂਕਿ ਉੱਥੇ ਚੋਣਾਂ ਹੋਣ ਵਾਲੀਆਂ ਹਨ। ਇਹ ਮੰਨ ਲਿਆ ਗਿਆ ਹੈ ਕਿ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਦਾ ਪ੍ਰਚਾਰ ਜਾਂ ਹਿੰਸਾ ਹਿੰਦੂਆਂ ਨੂੰ ਸੰਗਠਿਤ ਜਾਂ ਇਕਜੁੱਟ ਕਰਨ ਦਾ ਇੱਕ ਸਭ ਤੋਂ ਕਾਰਗਰ ਤਰੀਕਾ ਹੈ। ਇਸ ਲਈ ਇਹ ਜਾਇਜ਼ ਵੀ ਹੋ ਜਾਂਦਾ ਹੈ ਕਿਉਂਕਿ ਜਨਤਾ ਨੂੰ ਲਾਮਬੰਦ ਕਰਨਾ ਤਾਂ ਇੱਕ ਜਮਹੂਰੀ ਅਧਿਕਾਰ ਹੈ! ਹਿੰਦੂ ਭਾਵਨਾਵਾਂ ਦੇ ਸੰਗਠਨ ਲਈ ਮੁਸਲਮਾਨ-ਵਿਰੋਧੀ ਉਤੇਜਨਾ ਲਾਜ਼ਮੀ ਮੰਨ ਲਈ ਗਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਵਿਰੁੱਧ ਹਿੰਸਾ ਦਾ ਅਸਲੀ ਉਦੇਸ਼ ਅਸਲ ਮੁੱਦਿਆਂ ਤੋਂ ਹਿੰਦੂ ਭਾਈਚਾਰੇ ਦਾ ਧਿਆਨ ਭਟਕਾਉਣਾ ਹੈ। ਯਾਨੀ ਇਸ ਹਿੰਸਾ ਵਿੱਚ ਵੀ ਨਿਸ਼ਾਨਾ ਹਿੰਦੂਆਂ ਦਾ ਮਨ ਹੈ, ਮੁਸਲਮਾਨ ਨਹੀਂ!

​ਜੋ ਵੀ ਹੋਵੇ, ਅਦਾਲਤਾਂ ਨੂੰ ਵੀ ਹੁਣ ਇਸ 'ਤੇ ਕੋਈ ਇਤਰਾਜ਼ ਨਹੀਂ ਰਿਹਾ। ਪੁਲਿਸ ਅਤੇ ਪ੍ਰਸ਼ਾਸਨ ਨੂੰ ਤਾਂ ਇਹ ਸਹੀ ਹੀ ਲੱਗਦਾ ਹੈ। ਕੁੱਝ ਥਾਵਾਂ ਨੂੰ ਛੱਡ ਕੇ ਪ੍ਰਸ਼ਾਸਨ ਹਿੰਦੂਆਂ ਨੂੰ ਇਸ ਦੀ ਇਜਾਜ਼ਤ ਦਿੰਦਾ ਹੈ ਕਿ ਉਹ ਇਹ ਹਿੰਸਾ ਕਰਨ ਜਾਂ ਜ਼ਹਿਰ ਉਗਲਣ। ਉਨ੍ਹਾਂ ਨਾਲ ਗੱਲ ਕਰੋ ਤਾਂ ਕੁਝ ਅਧਿਕਾਰੀ ਤਰਕ ਦੇਣਗੇ ਕਿ ਹਿੰਦੂਆਂ ਦੀ ਭੜਾਸ ਹੈ, ਨਿਕਲ ਜਾਣ ਦਿਓ। ਰੋਕਣ 'ਤੇ ਉਹ ਹੋਰ ਭੜਕ ਸਕਦੇ ਹਨ ਅਤੇ ਹਿੰਸਾ ਹੋ ਸਕਦੀ ਹੈ। ਕੀ ਮੁਸਲਮਾਨ ਥੋੜ੍ਹੀ-ਬਹੁਤ ਗਾਲੀ ਬਰਦਾਸ਼ਤ ਨਹੀਂ ਕਰ ਸਕਦੇ? ਜਾਂ ਥੋੜ੍ਹੀ ਜਿਹੀ ਤੋੜ-ਫੋੜ? ਜੇਕਰ ਉਨ੍ਹਾਂ ਦੇ ਘਰ ਵਿੱਚ ਵੜ ਕੇ ਕੋਈ ਭਗਵਾ ਝੰਡਾ ਲਗਾ ਹੀ ਰਿਹਾ ਹੈ, ਤਾਂ ਕੀ ਇਸ ਨਾਲ ਉਨ੍ਹਾਂ ਦੇ ਸਰੀਰ 'ਤੇ ਕੋਈ ਜ਼ਖਮ ਲੱਗ ਰਿਹਾ ਹੈ? ਉਹ ਭਗਵਾ ਝੰਡੇ ਤੋਂ ਕਿਉਂ ਨਫ਼ਰਤ ਕਰਦੇ ਹਨ ਅਤੇ ਕਿਉਂ ਆਪਣੇ ਘਰ ਵਿੱਚ ਨਹੀਂ ਲਗਾਉਣ ਦਿੰਦੇ? ਮੁਸਲਮਾਨ ਇੰਨੇ 'ਛੂਈ-ਮੁਈ' ਕਿਉਂ ਹਨ ਅਤੇ ਇੰਨੇ ਅਸਹਿਣਸ਼ੀਲ ਕਿਉਂ ਹਨ ਕਿ ਥੋੜ੍ਹੀ ਜਿਹੀ ਨਫ਼ਰਤ ਅਤੇ ਹਿੰਸਾ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀ?

​ਹੁਣ ਇਹ ਇੰਨਾ ਆਮ ਹੋ ਗਿਆ ਹੈ ਕਿ ਕੋਈ ਅਖ਼ਬਾਰ, ਕੋਈ ਟੀਵੀ ਚੈਨਲ ਇਸ ਨਫ਼ਰਤ ਅਤੇ ਹਿੰਸਾ ਦੀ ਆਲੋਚਨਾ ਨਹੀਂ ਕਰਦਾ। ਕੋਈ ਸਿਆਸੀ ਪਾਰਟੀ ਇਸ 'ਤੇ ਕੁੱਝ ਨਹੀਂ ਬੋਲਦੀ ਕਿਉਂਕਿ ਉਨ੍ਹਾਂ ਨੂੰ ਇਹ ਡਰ ਸਤਾਉਂਦਾ ਹੈ ਕਿ ਇਨ੍ਹਾਂ ਜਲੂਸਾਂ ਵਿੱਚ ਉਨ੍ਹਾਂ ਦੇ ਵੋਟਰ ਵੀ ਹੋਣਗੇ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਨਾਲ ਉਹ ਉਨ੍ਹਾਂ ਤੋਂ ਦੂਰ ਹੋ ਜਾਣਗੇ। ਇਸ ਦਾ ਜ਼ਿਕਰ ਕਰਨਾ ਹੀ ਮਾੜਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਨਕਾਰਾਤਮਕਤਾ ਫੈਲਦੀ ਹੈ। ਲਿਖਣ-ਬੋਲਣ ਵਾਲੇ ਵੀ ਅੱਕ ਜਾਂਦੇ ਹਨ, ਕਿਉਂਕਿ ਇਹ ਤਾਂ ਹਰ ਸਾਲ ਹੁੰਦਾ ਹੈ ਅਤੇ ਸਾਲ ਵਿੱਚ ਕਈ ਵਾਰ ਹੁੰਦਾ ਹੈ। ਉਹ ਇੱਕ ਹੀ ਗੱਲ ਕਿੰਨੀ ਵਾਰ ਬੋਲਣ ਜਾਂ ਲਿਖਣ! ਪਰ ਅਸੀਂ ਜ਼ਰਾ ਖ਼ੁਦ ਨੂੰ ਮੁਸਲਮਾਨਾਂ ਦੀ ਥਾਂ ਰੱਖ ਕੇ ਦੇਖੀਏ ਅਤੇ ਸੋਚੀਏ ਕਿ ਹਰ ਸਾਲ, ਅਤੇ ਸਾਲ ਵਿੱਚ ਕਈ ਵਾਰ ਜੇਕਰ ਇਹ ਸਭ ਝੱਲਣਾ ਪਵੇ ਤਾਂ ਸਾਡੇ 'ਤੇ ਕੀ ਅਸਰ ਹੋਵੇਗਾ? ਅਤੇ ਕੀ ਪਹਿਲੀ ਵਾਰ ਤਾਂ ਅਸੀਂ ਕੁਝ ਕਰਾਂਗੇ, ਪਰ ਅਗਲੀ ਵਾਰ ਆਪਣੇ ਘਰਾਂ ਦੇ ਬੂਹੇ ਅਤੇ ਆਪਣੇ ਕੰਨ ਬੰਦ ਕਰ ਲਵਾਂਗੇ? ਕੀ ਸਾਡੇ ਅੰਦਰ ਕੋਈ ਪ੍ਰਤੀਕਿਰਿਆ ਨਹੀਂ ਹੋਵੇਗੀ?

​ਆਮ ਤੌਰ 'ਤੇ ਧਾਰਮਿਕ ਮੌਕਿਆਂ 'ਤੇ ਲੋਕ ਆਪਣੇ ਸਭ ਤੋਂ ਵਧੀਆ ਰੂਪ ਵਿੱਚ ਦਿਖਣਾ ਚਾਹੁੰਦੇ ਹਨ। ਉਹ ਸਿਰਫ਼ ਕੱਪੜੇ ਹੀ ਨਵੇਂ ਨਹੀਂ ਪਹਿਨਦੇ, ਇਹ ਵੀ ਚਾਹੁੰਦੇ ਹਨ ਕਿ ਘੱਟੋ-ਘੱਟ ਉਸ ਦਿਨ ਉਹ ਭਲੇ ਦਿਖਾਈ ਦੇਣ। ਧਾਰਮਿਕ ਮੌਕਿਆਂ ਤੋਂ ਲੋਕ ਪਵਿੱਤਰਤਾ ਦਾ ਭਾਵ ਗ੍ਰਹਿਣ ਕਰਨਾ ਚਾਹੁੰਦੇ ਹਨ, ਮਾਨੋ ਰੋਜ਼ਾਨਾ ਦੀ ਧੂੜ-ਮਿੱਟੀ ਨਾਲ ਲਿਬੜੀ ਹੋਈ ਰੂਹ ਧੋਤੀ ਜਾਵੇ। ਪਰ ਹੁਣ ਦੁਰਗਾ ਪੂਜਾ ਹੋਵੇ ਜਾਂ ਰਾਮ ਨੌਮੀ ਜਾਂ ਹਨੂਮਾਨ ਜਯੰਤੀ, ਹਿੰਦੂ ਜਿਵੇਂ ਹੋਰ ਗੰਦਗੀ ਵਿੱਚ ਖ਼ੁਦ ਨੂੰ ਲੇਪ ਲੈਂਦੇ ਹਨ। ਅਜਿਹੇ ਮੌਕਿਆਂ 'ਤੇ ਉਨ੍ਹਾਂ ਵਿੱਚੋਂ ਕਈ ਲੁਟੇਰੇ ਅਤੇ ਕਾਤਲ ਬਣ ਜਾਂਦੇ ਹਨ।

​ਹਿੰਦੂ ਪਰਵ-ਤਿਉਹਾਰ ਭਾਰਤ ਦੀ ਧਰਤੀ 'ਤੇ ਅਤੇ ਉਸ ਵਿੱਚ ਰਹਿਣ ਵਾਲਿਆਂ 'ਤੇ ਹਿੰਦੂਆਂ ਦਾ ਦਬਦਬਾ ਸਾਬਤ ਕਰਨ ਦੇ ਮੌਕੇ ਬਣ ਗਏ ਹਨ। ਹਿੰਦੂ ਇਸ ਨੂੰ ਆਪਣਾ ਹੱਕ ਮੰਨਦੇ ਹਨ ਕਿ ਉਹ ਅਜਿਹੇ ਮੌਕੇ 'ਤੇ ਮੁਸਲਮਾਨਾਂ ਦੀਆਂ ਗਲੀਆਂ ਵਿੱਚ ਭੜਕਾਊ ਨਾਅਰੇ ਲਗਾਉਂਦੇ ਹੋਏ, ਹਥਿਆਰ ਲਹਿਰਾਉਂਦੇ ਹੋਏ ਜਲੂਸ ਕੱਢਣ। ਮਸਜਿਦਾਂ, ਮਦਰੱਸਿਆਂ ਦੇ ਅੰਦਰ ਵੜ ਜਾਣ, ਤੋੜ-ਫੋੜ ਕਰਨ। ਰੋਕਣ 'ਤੇ ਉਹ ਬੁਰਾ ਮਨਾ ਜਾਂਦੇ ਹਨ।

​ਇਸ ਦੇਸ਼ ਵਿੱਚ ਦੂਜੇ ਧਰਮਾਂ ਦੇ ਲੋਕ ਵੀ ਆਪਣੇ ਤਿਉਹਾਰ ਮਨਾਉਂਦੇ ਹਨ। ਈਦ, ਬਕਰੀਦ, ਵੱਡਾ ਦਿਨ (ਕ੍ਰਿਸਮਸ), ਗੁੱਡ ਫਰਾਈਡੇ, ਮੁਹਰੱਮ ਕਿਸੇ ਮੌਕੇ 'ਤੇ ਅਸੀਂ ਅਜਿਹੇ ਜਲੂਸ ਨਿਕਲਦੇ ਨਹੀਂ ਦੇਖਦੇ ਜਿਵੇਂ ਹਿੰਦੂ ਤਿਉਹਾਰਾਂ ਵਿੱਚ ਨਿਕਲਦੇ ਹਨ। ਕੋਈ ਹਿੰਦੂਆਂ ਦੇ ਘਰਾਂ ਜਾਂ ਮੰਦਰਾਂ ਅੱਗੇ ਨੱਚਣਾ-ਗਾਉਣਾ ਨਹੀਂ ਚਾਹੁੰਦਾ। ਕੋਈ ਹਿੰਦੂਆਂ ਤੋਂ ਜ਼ਬਰਦਸਤੀ ਅੱਲ੍ਹਾ ਜਾਂ ਗੌਡ ਦੀ ਤਾਰੀਫ਼ ਵਿੱਚ ਜੈ-ਜੈਕਾਰ ਨਹੀਂ ਕਰਵਾਉਂਦਾ ਜਿਵੇਂ ਫਿਰਕੂ ਹਿੰਦੂ ਮੁਸਲਮਾਨਾਂ ਦਾ ਗਲਾ ਘੁੱਟ ਕੇ ਉਨ੍ਹਾਂ ਤੋਂ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਵਾਉਂਦੇ ਹਨ। ਮੁਸਲਮਾਨ, ਸਿੱਖ, ਈਸਾਈ, ਬੌਧ, ਸਭ ਆਪਣੇ ਤਿਉਹਾਰ ਆਪਣੇ ਲੋਕਾਂ ਵਿਚਕਾਰ ਹਾਸੇ-ਖ਼ੁਸ਼ੀ ਅਤੇ ਸ਼ਾਂਤੀ ਨਾਲ ਮਨਾਉਂਦੇ ਹਨ। ਸਿਰਫ਼ ਹਿੰਦੂ ਹੀ ਹਨ ਜੋ ਆਪਣੇ ਤਿਉਹਾਰਾਂ ਵਿੱਚ ਦੂਜੇ ਧਰਮ ਦੇ ਲੋਕਾਂ ਨਾਲ ਜ਼ਬਰਦਸਤੀ ਕਰਦੇ ਹਨ।

​ਅਸੀਂ ਕਿਸੇ ਹਿੰਦੂ ਧਾਰਮਿਕ ਆਗੂ, ਸੰਤ ਜਾਂ ਸਾਧੂ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਹਿੰਦੂਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸਗੋਂ ਹਿੰਦੂ ਧਾਰਮਿਕ ਸੰਤ-ਸਾਧੂ ਹਿੰਦੂਆਂ ਨੂੰ ਹਿੰਸਾ ਲਈ ਹੋਰ ਵੀ ਭੜਕਾਉਂਦੇ ਹਨ। ਉਹ ਉਨ੍ਹਾਂ ਨੂੰ ਗਾਲੀ-ਗਲੋਚ ਕਰਨਾ ਸਿਖਾਉਂਦੇ ਹਨ, ਖ਼ੁਦ ਅੱਗੇ ਹੋ ਕੇ ਗਾਲੀ-ਗਲੋਚ ਕਰਦੇ ਹਨ।

​ਇਹ ਲਿਖ ਹੀ ਰਿਹਾ ਸੀ ਕਿ ਇੱਕ ਵੀਡੀਓ 'ਤੇ ਨਜ਼ਰ ਪਈ। ਉਸ ਵਿੱਚ ਇੱਕ ਜਲੂਸ ਵਿੱਚ ਕੁੜੀਆਂ ਅਤੇ ਔਰਤਾਂ ਉਛਲ-ਉਛਲ ਕੇ ਨੱਚਦੀਆਂ ਅਤੇ ਗਾਉਂਦੀਆਂ ਦਿਖਾਈ ਦਿੰਦੀਆਂ ਹਨ। ਡੀਜੇ 'ਤੇ ਇੱਕ ਭੜਕਾਊ ਗਾਣਾ ਵੱਜ ਰਿਹਾ ਹੈ। ਗਾਣਾ ਕੀ ਹੈ, ਮੁਸਲਮਾਨਾਂ ਦੀਆਂ ਮਾਵਾਂ ਦੇ ਨਾਮ 'ਤੇ ਭੱਦੀਆਂ-ਭੱਦੀਆਂ ਗਾਲਾਂ ਭਰੀਆਂ ਹੋਈਆਂ ਹਨ। ਉਹ ਕੁੜੀਆਂ ਉਨ੍ਹਾਂ ਸ਼ਬਦਾਂ ਨੂੰ ਸੁਆਦ ਲੈ-ਲੈ ਕੇ ਗਾ ਰਹੀਆਂ ਹਨ ਅਤੇ ਨੱਚ ਰਹੀਆਂ ਹਨ। ਗਾਲ੍ਹ ਵਿੱਚ ਜੋ ਕਰਨ ਦੀ ਧਮਕੀ ਹੈ, ਮਾਨੋ ਉਸ ਨੂੰ ਉਹ ਕਲਪਨਾ ਵਿੱਚ ਖ਼ੁਦ ਕਰ ਰਹੀਆਂ ਹੋਣ। ਅਸ਼ਲੀਲਤਾ ਦੇ ਆਨੰਦ ਦਾ ਅਜਿਹਾ ਜਨਤਕ ਪ੍ਰਦਰਸ਼ਨ ਦੇਖ ਕੇ ਕਿਸੇ ਵੀ ਸਮਾਜ ਨੂੰ ਸ਼ਰਮ ਨਾਲ ਜ਼ਮੀਨ ਵਿੱਚ ਗੱਡਿਆ ਜਾਣਾ ਚਾਹੀਦਾ ਹੈ। ਪਰ ਇਹ ਹਿੰਦੂ ਸਮਾਜ ਲਈ ਮਾਣ ਦਾ ਵਿਸ਼ਾ ਬਣ ਗਿਆ ਹੈ, ਜਾਂ ਉਹ ਇਸ ਤੋਂ ਬੇਪਰਵਾਹ ਹੈ।

​ਆਮ ਤੌਰ 'ਤੇ ਅਜਿਹੇ ਜਲੂਸਾਂ ਵਿੱਚ ਕਿਸ਼ੋਰ ਮੁੰਡੇ-ਕੁੜੀਆਂ ਦਿਖਾਈ ਦਿੰਦੇ ਹਨ। ਇਹ ਜਲੂਸ ਅਤੇ ਧਾਰਮਿਕ ਮੌਕੇ ਧਾਰਮਿਕ ਸਿੱਖਿਆ ਦੇ ਅਵਸਰ ਨਹੀਂ ਹਨ। ਇਹ ਨਫ਼ਰਤ, ਹਿੰਸਾ ਅਤੇ ਅਸ਼ਲੀਲਤਾ ਵਿੱਚ ਹਿੰਦੂਆਂ ਨੂੰ ਦੀਖਿਅਤ (ਸਿੱਖਿਅਤ) ਕਰ ਰਹੇ ਹਨ। ਇਸ ਨੂੰ ਲੈ ਕੇ ਕਿਤੇ ਵੀ ਚਿੰਤਾ ਨਹੀਂ ਹੈ।

​ਕੀ ਹਿੰਦੂ ਇਹ ਸੋਚਦੇ ਹਨ ਕਿ ਇਹ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ, ਉਨ੍ਹਾਂ ਦੀ ਔਕਾਤ ਦੱਸਣ ਲਈ ਜ਼ਰੂਰੀ ਹੈ? ਕਿ ਇਹ ਸਭ ਸਿਰਫ਼ ਇੱਕ ਦਿਨ ਦੇ ਅਨੰਦ ਦਾ ਮਾਮਲਾ ਹੈ ਅਤੇ ਬਾਅਦ ਵਿੱਚ ਉਹ ਸਿਹਤਮੰਦ ਬਣੇ ਰਹਿਣਗੇ? ਨਫ਼ਰਤ ਦੇ ਇਸ ਨਾਲੇ ਵਿੱਚ ਜਦੋਂ ਉਹ ਡੁਬਕੀਆਂ ਲਗਾਉਂਦੇ ਹਨ ਤਾਂ ਕੀ ਸੋਚਦੇ ਹਨ ਕਿ ਇਹ ਗੰਦਗੀ ਸਿਰਫ਼ ਸਤਹ 'ਤੇ ਰਹੇਗੀ, ਇਹ ਉਨ੍ਹਾਂ ਦੀ ਰੂਹ ਦਾ ਕੁਝ ਨਹੀਂ ਵਿਗਾੜੇਗੀ? ਉਹ ਖ਼ੁਦ ਕਿੰਨੇ ਮਾਲੀਨ ਹੋ ਰਹੇ ਹਨ, ਇਸ ਬਾਰੇ ਉਹ ਕਦੋਂ ਸੋਚਣਗੇ?

ਇਹ ਕਿਸੇ ਪੰਜਾਬੀ ਅਖਬਾਰ ਦਾ ਆਰਟੀਕਲ ਨਹੀਂ ਹੈ।ਇਹ ਦਿਲੀ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ। ਪ੍ਰਸਿੱਧ ਲੇਖਕ ਹੈ।