ਹਫ਼ਤੇਅੰਤ ਕੋਰਸ ਕਰਨ ਵਾਲੇ 22 ਹਜ਼ਾਰ ਵਿਦਿਆਰਥੀਆਂ ਨੂੰ ਲੋਨ ਵਾਪਸ ਕਰਨ ਦੇ ਨੋਟਿਸ

 ਲੈਸਟਰ (ਇੰਗਲੈਂਡ), 9 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਵਿੱਚ ਲਗਭਗ 22 ਹਜ਼ਾਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਦਿੱਤੇ ਗਏ ਮੈਨਟੇਨੈਂਸ ਲੋਨ ਅਤੇ ਕੁਝ ਗ੍ਰਾਂਟ ਗਲਤੀ ਨਾਲ ਦਿੱਤੇ ਗਏ ਸਨ ਅਤੇ ਹੁਣ ਇਹ ਰਕਮ ਵਾਪਸ ਕਰਨੀ ਪਵੇਗੀ। ਇਹ ਵਿਦਿਆਰਥੀ ਮੁੱਖ ਤੌਰ &lsquoਤੇ ਉਹ ਹਨ ਜੋ ਹਫ਼ਤੇਅੰਤ (ਵੀਕਐਂਡ) ਕੋਰਸ ਕਰ ਰਹੇ ਹਨ।

ਸਟੂਡੈਂਟ ਲੋਨ ਕੰਪਨੀ (SLC) ਅਤੇ ਕੁਝ ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ਨੂੰ ਭੇਜੇ ਗਏ ਪੱਤਰਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੋਰਸ ਮੈਨਟੇਨੈਂਸ ਲੋਨ ਜਾਂ ਚਾਈਲਡਕੇਅਰ ਗ੍ਰਾਂਟ ਲਈ ਯੋਗ ਨਹੀਂ ਸਨ। ਇਸ ਲਈ ਜਿਹੜੀ ਰਕਮ &ldquoਜ਼ਿਆਦਾ&rdquo ਦਿੱਤੀ ਗਈ ਹੈ ਉਹ ਹੁਣ ਵਾਪਸ ਕਰਨੀ ਪਵੇਗੀ।
ਇਸ ਮਾਮਲੇ ਨਾਲ ਬਾਥ ਸਪਾ, ਲੀਡਜ਼ ਟ੍ਰਿਨਿਟੀ, ਸਾਊਥਹੈਂਪਟਨ ਸੋਲੈਂਟ, ਲੰਡਨ ਮੈਟਰੋਪੋਲੀਟਨ ਅਤੇ ਆਕਸਫੋਰਡ ਬਰੂਕਸ ਸਮੇਤ ਕਰੀਬ 15 ਯੂਨੀਵਰਸਿਟੀਆਂ ਅਤੇ ਕਾਲਜ ਪ੍ਰਭਾਵਿਤ ਹੋ ਰਹੇ ਹਨ। ਕਈ ਕੋਰਸ ਹਫ਼ਤੇਅੰਤ ਕਲਾਸਾਂ ਨਾਲ ਨਾਲ ਹਫ਼ਤੇ ਦੌਰਾਨ ਆਨਲਾਈਨ ਸਿੱਖਿਆ ਵੀ ਦਿੰਦੇ ਸਨ।
ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੀ ਪ੍ਰਧਾਨ ਅਮੀਰਾ ਕੈਂਪਬੈਲ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦਿਆਰਥੀ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਦੱਸਿਆ ਕਿ ਕਈ ਵਿਦਿਆਰਥੀ ਰਾਤਾਂ ਨੂੰ ਸੋ ਨਹੀਂ ਰਹੇ ਅਤੇ ਚਿੰਤਤ ਹਨ ਕਿ ਇੰਨੀ ਵੱਡੀ ਰਕਮ ਕਿੱਥੋਂ ਲਿਆਉਣਗੇ।
ਕੁਝ ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਦਸਾ ਹਜ਼ਾਰ ਪੌਂਡ ਵਾਪਸ ਕਰਨ ਲਈ ਕਿਹਾ ਗਿਆ ਹੈ। ਯੂਨੀਵਰਸਿਟੀ ਆਫ ਵੈਸਟ ਲੰਡਨ ਦੇ ਇੱਕ ਵਿਦਿਆਰਥੀ ਖਵਾਜਾ ਅਹਸਨ ਨੇ ਦੱਸਿਆ ਕਿ ਉਸ ਨੂੰ ਮੈਨਟੇਨੈਂਸ ਲੋਨ ਅਤੇ ਬੱਚਿਆਂ ਦੀ ਦੇਖਭਾਲ ਲਈ ਗ੍ਰਾਂਟ ਮਿਲਾਕੇ ਲਗਭਗ £14,000 ਮਿਲੇ ਸਨ, ਜੋ ਹੁਣ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ &ldquoਧੋਖੇ ਵਿੱਚ ਪਾਇਆ ਹੋਇਆ&rdquo ਮਹਿਸੂਸ ਕਰਦਾ ਹੈ।
ਯੂਨੀਵਰਸਿਟੀਆਂ ਯੂਕੇ ਨੇ ਕਿਹਾ ਕਿ ਸਰਕਾਰ ਵੱਲੋਂ ਅਚਾਨਕ ਕੀਤੇ ਫੈਸਲੇ ਕਾਰਨ ਇਹ ਸਥਿਤੀ ਬਣੀ ਹੈ ਅਤੇ ਇਸ ਮਾਮਲੇ &lsquoਤੇ ਕਾਨੂੰਨੀ ਕਾਰਵਾਈ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਕੁਝ ਸੰਸਥਾਵਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਸ ਕਾਰਨ ਵਿਦਿਆਰਥੀ ਪ੍ਰਭਾਵਿਤ ਹੋਏ ਹਨ।
ਇਸ ਦੌਰਾਨ ਕਈ ਯੂਨੀਵਰਸਿਟੀਆਂ ਕੋਸ਼ਿਸ਼ ਕਰ ਰਹੀਆਂ ਹਨ ਕਿ ਕੋਰਸਾਂ ਵਿੱਚ ਹਫ਼ਤੇ ਦੌਰਾਨ ਵੀ ਕਲਾਸਾਂ ਸ਼ਾਮਲ ਕੀਤੀਆਂ ਜਾਣ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਲੋਨ ਲਈ ਯੋਗ ਰਹਿ ਸਕਣ। ਪਰ ਹੁਣ ਤੱਕ ਲਏ ਗਏ ਲੋਨ ਵਾਪਸ ਕਰਨ ਦੀ ਮੰਗ ਜ਼ਿਆਦਾਤਰ ਵਿਦਿਆਰਥੀਆਂ ਲਈ ਵੱਡੀ ਚਿੰਤਾ ਬਣੀ ਹੋਈ ਹੈ।