ਗੱਲਬਾਤ ਤੋਂ ਪਹਿਲਾਂ ਲੈਬਨਾਨ ਵਿੱਚ ਜੰਗਬੰਦੀ ਹੋਵੇ ਅਤੇ ਰੋਕੇ ਗਏ ਫੰਡ ਜਾਰੀ ਕੀਤੇ ਜਾਣ: ਇਰਾਨ

ਇਰਾਨ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਵਿੱਚ ਹੋਣ ਵਾਲੀ ਸ਼ਾਂਤੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕਾ ਨੂੰ ਪਹਿਲਾਂ ਇਰਾਨ ਦੇ ਰੋਕੇ ਗਏ ਫੰਡ ਜਾਰੀ ਕਰਨੇ ਪੈਣਗੇ ਅਤੇ ਲੈਬਨਾਨ ਵਿੱਚ ਜੰਗਬੰਦੀ ਲਾਗੂ ਕਰਨੀ ਹੋਵੇਗੀ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲੀਬਾਫ ਨੇ ਸੋਸ਼ਲ ਮੀਡੀਆ ਰਾਹੀਂ ਚਿਤਾਵਨੀ ਦਿੱਤੀ ਕਿ ਇਹ ਸ਼ਰਤਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਸਨ ਅਤੇ ਇਨ੍ਹਾਂ ਦੇ ਪੂਰੇ ਹੋਣ ਤੱਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ। ਇਸ ਬਿਆਨ ਨੇ ਸ਼ਨਿਚਰਵਾਰ ਨੂੰ ਹੋਣ ਵਾਲੀ ਅਹਿਮ ਬੈਠਕ &rsquoਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਰਾਨ ਦੇ ਵਿਦੇਸ਼ ਮੰਤਰੀ ਅਰਾਕਚੀ ਨੇ ਅੱਜ ਕਿਹਾ ਹੈ ਕਿ ਅਮਰੀਕਾ ਨੂੰ ਆਪਣੀਆਂ ਵਚਨਬੱਧਤਾਵਾਂ &rsquoਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਜੰਗਬੰਦੀ ਸਮਝੌਤੇ ਵਿੱਚ ਲੈਬਨਾਨ ਨੂੰ ਸ਼ਾਮਲ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਇਰਾਨੀ ਸਰਕਾਰੀ ਮੀਡੀਆ ਅਨੁਸਾਰ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਲੈਬਨਾਨ ਵਿਰੁੱਧ ਹੋ ਰਹੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਲਈ ਆਪਣੀ ਭੂਮਿਕਾ ਨਿਭਾਏ। ਇਰਾਨ ਨਾਲ ਅਹਿਮ ਗੱਲਬਾਤ ਕਰਨ ਲਈ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਰਵਾਨਾ ਹੋਣ ਸਮੇਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਰਾਨ ਨੂੰ ਇਮਾਨਦਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਖੇਡ ਨਹੀਂ ਖੇਡਣੀ ਚਾਹੀਦੀ। ਵੈਂਸ ਨੇ ਕਿਹਾ ਕਿ ਜੇਕਰ ਤਹਿਰਾਨ ਨੇਕ ਨੀਅਤ ਨਾਲ ਗੱਲ ਕਰੇਗਾ ਤਾਂ ਅਮਰੀਕਾ ਵੀ ਖੁੱਲ੍ਹ ਕੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਜੇਕਰ ਉਸ ਨੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਟੀਮ ਬਹੁਤ ਸਖ਼ਤ ਰੁਖ਼ ਅਪਣਾਏਗੀ।