ਯੂਕਰੇਨ ਯੋਜਨਾ ਰਾਹੀਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਵੀਜ਼ੇ ਜਾਰੀ ਹੋਣ ਦਾ ਖੁਲਾਸਾ

 ਲੈਸਟਰ (ਇੰਗਲੈਂਡ), 12 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਬ੍ਰਿਟੇਨ ਵਿੱਚ ਯੂਕਰੇਨ ਯੁੱਧ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਣਾਈ ਗਈ ਵੀਜ਼ਾ ਯੋਜਨਾ ਦੇ ਤਹਿਤ ਹੋਰ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੂੰ ਵੀ ਦਾਖ਼ਲਾ ਮਿਲਣ ਦਾ ਖੁਲਾਸਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 3,500 ਦੇ ਕਰੀਬ ਯਾਤਰਾ ਦਸਤਾਵੇਜ਼ 100 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਇਸ ਯੋਜਨਾ ਦਾ ਮੁੱਖ ਉਦੇਸ਼ ਯੂਕਰੇਨ ਦੇ ਲੋਕਾਂ ਨੂੰ ਸਹਾਇਤਾ ਦੇਣਾ ਸੀ, ਪਰ ਨਿਯਮਾਂ ਦੇ ਤਹਿਤ ਉਹ ਵਿਅਕਤੀ ਵੀ ਅਰਜ਼ੀ ਦੇ ਸਕਦੇ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਯੂਕਰੇਨ ਨਾਲ ਸੰਬੰਧਿਤ ਹਨ। ਇਸ ਦੇ ਨਾਲ ਹੀ ਉਹ ਲੋਕ ਵੀ ਆ ਸਕਦੇ ਹਨ ਜਿਨ੍ਹਾਂ ਨੂੰ ਬ੍ਰਿਟੇਨ ਵਿੱਚ ਰਹਿੰਦੇ ਕਿਸੇ ਵਿਅਕਤੀ ਵੱਲੋਂ ਰਹਿਣ ਲਈ ਥਾਂ ਦਿੱਤੀ ਜਾਂਦੀ ਹੈ।
ਅੰਕੜਿਆਂ ਅਨੁਸਾਰ ਯੂਕਰੇਨ ਤੋਂ ਇਲਾਵਾ ਰੂਸ, ਨਾਈਜੀਰੀਆ, ਅਫਗਾਨਿਸਤਾਨ, ਇਰਾਕ, ਭਾਰਤ ਅਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੂੰ ਵੀ ਇਸ ਯੋਜਨਾ ਹੇਠ ਵੀਜ਼ੇ ਜਾਰੀ ਕੀਤੇ ਗਏ ਹਨ। ਇਹ ਗਿਣਤੀ ਕੁੱਲ ਜਾਰੀ ਕੀਤੇ ਗਏ ਵੀਜ਼ਿਆਂ ਦਾ ਇੱਕ ਛੋਟਾ ਹਿੱਸਾ ਦੱਸੀ ਜਾ ਰਹੀ ਹੈ।
ਇਸ ਮਾਮਲੇ &lsquoਤੇ ਰਾਜਨੀਤਿਕ ਪੱਧਰ &lsquoਤੇ ਵੀ ਚਰਚਾ ਤੇਜ਼ ਹੋ ਗਈ ਹੈ, ਜਿੱਥੇ ਕੁਝ ਨੇ ਇਸ ਪ੍ਰਣਾਲੀ &lsquoਤੇ ਸਵਾਲ ਉਠਾਏ ਹਨ, ਜਦਕਿ ਸਰਕਾਰੀ ਪੱਖ ਦਾ ਕਹਿਣਾ ਹੈ ਕਿ ਇਹ ਯੋਜਨਾ ਨਿਯਮਾਂ ਅਨੁਸਾਰ ਹੀ ਚੱਲ ਰਹੀ ਹੈ ਅਤੇ ਮੁੱਖ ਤੌਰ &lsquoਤੇ ਯੂਕਰੇਨ ਦੇ ਲੋਕਾਂ ਦੀ ਸਹਾਇਤਾ ਲਈ ਹੀ ਬਣਾਈ ਗਈ ਹੈ।