ਰਾਜਧਾਨੀ ਰੋਮ ਵਿਖੇ ਮਨਾਏ ਵਿਸਾਖੀ ਦੇ ਤਿਉਹਾਰ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਭਾਰਤੀ ਦੂਤਾਵਾਸ ਤੇ ਐਸਜੀਪੀਸੀ ਇਟਲੀ ਵਲੋ ਕੀਤਾ ਸਨਮਾਨਿਤ

 ਰੋਮ ਇਟਲੀ 14 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਸਥਿਤ ਭਾਰਤੀ ਦੂਤਾਵਾਸ ਵੱਲੋਂ ਵਿਸਾਖੀ ਦੇ ਦਿਹਾੜੇ ਤੇ ਇੱਕ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਦੇਸ਼ੀ ਧਰਤੀ ਤੇ ਜੰਮੇ ਬੱਚੇ ਜੋ ਚੰਗੀ ਸਿੱਖਿਆ ਲੈ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ ਉਹਨਾਂ ਨੂਂ ਭਾਰਤੀ ਦੂਤਾਵਾਸ ਰੋਮ ਅਤੇ ਐਸਜੀਪੀਸੀ ਇਟਲੀ ਵੱਲੋ ਸਨਮਾਨਿਤ ਕੀਤਾ ਗਿਆ ਹੈ । ਰੋਮ ਅੰਬੈਸੀ ਅਧਿਕਾਰੀਆਂ ਦੀ ਅਣਥੱਕ ਮਿਹਨਤ ਅਤੇ ਐਸਜੀਪੀਸੀ ਦੇ ਸਹਿਯੋਗ ਨਾਲ ਕਰਵਾਏ ਵਿਸਾਖੀ ਸਮਾਗਮ ਮੌਕੇ ਉਨਾਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਜਿਨਾਂ ਨੇ ਪਿਛਲੇ ਸਮੇਂ ਦੌਰਾਨ ਉੱਚ ਵਿੱਦਿਆ ਹਾਸਿਲ ਕਰਕੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ ਇਸ ਮੌਕੇ ਰਾਜਦੂਤ ਮੈਡਮ ਵਾਣੀ ਰਾਓ ਵੱਲੋਂ ਸਮੂਹ ਭਾਰਤੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਬੱਚਿਆਂ ਦੀ ਸ਼ਲਾਘਾ ਕੀਤੀ ਜਿਹੜੇ ਕਿ ਵਿਦੇਸ਼ੀ ਧਰਤੀ ਤੇ ਰਹਿ ਕੇ ਭਾਰਤੀਆਂ ਦਾ ਨਾਂ ਚਮਕਾ ਰਹੇ ਹਨ । ਦੱਸਣ ਯੋਗ ਹੈ ਕਿ ਇਟਲੀ ਵਿੱਚ ਭਾਰਤੀਆਂ ਦੀ ਦੂਜੀ ਪੀੜੀ ਦੇ ਵਿਦਿਆਰਥੀ ਆਏ ਦਿਨ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰਕੇ ਵੱਡੇ ਕੀਰਤੀਮਾਨ ਸਥਾਪਿਤ ਕਰ ਰਹੇ ਨੇ ਇਸ ਮੌਕੇ ਤੇ ਪੁੱਜੇ ਹੋਏ ਵਿਦਿਆਰਥੀਆਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਆਖਿਆ ਚੰਗੇ ਭਵਿੱਖ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ ਇਨਸਾਨ ਦਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ । ਉਨਾ ਸੁਨੇਹਾ ਦਿੰਦਿਆਂ ਆਖਿਆ ਕਿ ਮੰਨ ਲਾਕੇ ਪੜ੍ਹਾਈ ਕਰੋ ਕਾਮਯਾਬੀ ਆਪਣੇ ਆਪ ਪੈਰ ਚੁੰਮੇਗੀ ਇਸ ਮੌਕੇ ਤੇ ਭਾਰਤੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਲਈ ਲੋਕ ਵੱਡੀ ਤਾਦਾਦ ਦੇ ਵਿੱਚ ਆਪੋ ਆਪਣੇ ਪਰਿਵਾਰਾਂ ਦੇ ਨਾਲ ਪਹੁੰਚੇ ਹੋਏ ਸਨ ਜਿਕਰਯੋਗ ਹੈ ਕਿ ਇਟਲੀ ਦੇ ਵਿੱਚ ਭਾਰਤੀਆਂ ਦੀ ਦੂਜੀ ਪੀੜੀ ਚੱਲ ਰਹੀ ਹੈ ਜਿਸ ਵਿੱਚ ਹੁਣ ਬਹੁਤ ਸਾਰੇ ਨੌਜਵਾਨ ਵਕੀਲ , ਡਾਕਟਰ , ਟਰੇਨ ਡਰਾਈਵਰ , ਸਥਾਨਿਕ ਪੁਲਿਸ ਵਿੱਚ ਭਰਤੀ ਹੋ ਕਿ ਵਿਦੇਸ਼ੀ ਧਰਤੀ ਤੇ ਦੇਸ਼ ਦਾ ਨਾਂ ਚਮਕਾ ਰਹੇ ਹਨ ਇਸ ਮੌਕੇ ਤੇ ਨੌਜਵਾਨਾਂ ਵੱਲੋਂ ਲੋਕ ਨਾਚ ਭੰਗੜੇ ਦੇ ਨਾਲ ਪੇਸ਼ਕਾਰੀ ਕੀਤੀ ਗਈ ਰੌਣਕ ਪੰਜਾਬਣਾਂ ਦੀ ਗਰੁੱਪ ਲਾਸੀਓ ਵੱਲੋਂ ਗਿੱਧੇ ਦੇ ਨਾਲ ਰੌਣਕਾਂ ਲਾਈਆਂ ਗਈਆਂ ਅਤੇ ਵਿਸਾਖੀ ਦਾ ਇਹ ਤਿਉਹਾਰ ਨੂੰ ਯਾਦਗਾਰੀ ਹੋ ਨਿਬੜਿਆਂ। ਇਸ ਮੌਕੇ ਐਸਜੀਪੀਸੀ ਦੇ ਆਗੂਆਂ ਵਲੋ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਇਸ ਕਰਕੇ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਬੱਚਿਆਂ ਤੋ ਸਾਡੀ ਨਵੀਂ ਪੀੜ੍ਹੀ ਸੇਧ ਲੈਕੇ ਆਉਣ ਵਾਲੇ ਸਮੇਂ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਤੇ ਇਟਲੀ ਵਿੱਚ ਅਪਣੇ ਪਰਿਵਾਰ ਸਮੇਤ ਦੇਸ਼ ਦਾ ਨਾਮ ਰੌਸ਼ਨ
ਕਰਨ।