ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ 60 ਫੁੱਟ ਉਚਾਈ ਤੋਂ ਡਿੱਗਣ ਕਾਰਨ ਸੇਵਾਦਾਰ ਦੀ ਮੌਤ

ਲੁਧਿਆਣਾ ਦੇ ਦੁੱਗਰੀ ਰੋਡ 'ਤੇ ਸਥਿਤ ਕਰਤਾਰ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਮੰਗਲਵਾਰ ਸਵੇਰੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਸੇਵਾ ਦੌਰਾਨ ਕਰੇਨ ਦੀ ਕੇਬਲ ਟੁੱਟਣ ਕਾਰਨ ਇੱਕ ਸੇਵਾਦਾਰ 60 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਮ੍ਰਿਤਕ ਦੀ ਪਛਾਣ 40 ਸਾਲਾ ਮਨਿੰਦਰ ਸਿੰਘ ਵਜੋਂ ਹੋਈ ਹੈ। ਉਹ ਪਿਛਲੇ 12 ਸਾਲਾਂ ਤੋਂ ਸੇਵਾ ਕਰ ਰਿਹਾ ਸੀ ਅਤੇ ਇਹ ਹਾਦਸਾ ਸੇਵਾ ਦੌਰਾਨ ਵਾਪਰਿਆ।

ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਪਿਛਲੇ 12 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਬਦਲਣ ਦੀ ਸੇਵਾ ਕਰ ਰਿਹਾ ਸੀ। ਉਹ ਹਰ ਸੰਗਰਾਂਦ ਅਤੇ ਵਿਸਾਖੀ 'ਤੇ ਬੜੀ ਸ਼ਰਧਾ ਨਾਲ ਚੋਲਾ ਸਾਹਿਬ ਦੀ ਸੇਵਾ ਵਿੱਚ ਹਿੱਸਾ ਲੈਂਦਾ ਸੀ। ਮੰਗਲਵਾਰ ਸਵੇਰੇ ਕਰੀਬ 9 ਵਜੇ ਉਹ ਨਿਸ਼ਾਨ ਸਾਹਿਬ ਨੂੰ ਨਵਾਂ ਚੋਲਾ ਭੇਟ ਕਰਨ ਲਈ ਉੱਪਰ ਗਿਆ ਸੀ। ਚਸ਼ਮਦੀਦਾਂ ਅਨੁਸਾਰ ਮਨਿੰਦਰ 60 ਫੁੱਟ ਦੀ ਉਚਾਈ 'ਤੇ ਸਫਲਤਾਪੂਰਵਕ ਪਹੁੰਚ ਗਿਆ ਸੀ ਅਤੇ ਉਸ ਨੇ ਨਿਸ਼ਾਨ ਸਾਹਿਬ ਦੀ ਸੇਵਾ ਪੂਰੀ ਕਰ ਲਈ ਸੀ, ਜਦੋਂ ਅਚਾਨਕ ਕਰੇਨ ਦੀ ਲੋਹੇ ਦੀ ਤਾਰ ਟੁੱਟ ਗਈ। ਤਾਰ ਟੁੱਟਦੇ ਹੀ ਮਨਿੰਦਰ ਸਿੱਧਾ ਫਰਸ਼ 'ਤੇ ਆ ਡਿੱਗਿਆ।