ਤਿੰਨੇ ਉਪ-ਚੋਣਾਂ ਜਿੱਤ ਕੇ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕੀਤਾ

ਸੋਮਵਾਰ ਨੂੰ ਹੋਈਆਂ ਤਿੰਨ ਸੰਸਦੀ ਉਪ ਚੋਣਾਂ ਲਿਬਰਲ ਪਾਰਟੀ ਦੀ ਝੋਲੀ ਪੈਣ ਨਾਲ ਮਾਰਕ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕਰ ਲਿਆ ਹੈ। ਆਪਣੇ ਕਾਰਜਕਾਲ ਦਾ ਪਹਿਲਾ ਸਾਲ ਬਿੱਲ ਪਾਸ ਕਰਾਉਣ ਲਈ ਹੋਰ ਪਾਰਟੀਆਂ ਵੱਲ ਝਾਕਣ ਤੋਂ ਬਾਦ ਹੁਣ ਸਰਕਾਰ ਵਲੋਂ ਰਹਿੰਦਾ ਕਾਰਜਕਾਲ (ਤਿੰਨ ਸਾਲ) ਅਸਾਨੀ ਨਾਲ ਪੂਰਾ ਕਰ ਲਿਆ ਜਾਏਗਾ ਅਤੇ ਕਿਸੇ ਵੀ ਸਮੇਂ ਮੱਧਕਾਲੀ ਚੋਣਾਂ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਦੇਰ ਰਾਤ ਆਏ ਨਤੀਜਿਆਂ ਚੋਂ ਪਹਿਲਾ ਨਤੀਜਾ ਯੂਨੀਵਰਸਿਟੀ ਰੋਜ਼ਡੇਲ (ਉਂਟਾਰੀਓ) ਦਾ ਆਇਆ ਜਿਸ ਵਿੱਚ ਲਿਬਰਲ ਪਾਰਟੀ ਦੀ ਉਮੀਦਵਾਰ ਡੈਨੀਅਲ ਮਾਰਟਿਨ ਨੇ ਜਿੱਤ ਹਾਸਲ ਕਰਕੇ ਪਾਰਟੀ ਨੂੰ 172 ਦੇ ਬਹੁਮੱਤ ਵਾਲੇ ਅੰਕੜੇ &rsquoਤੇ ਜਾ ਖੜਾਇਆ। ਉਸਤੋਂ ਬਾਦ ਸਕਾਰਬਰੋ ਦੀ ਸੀਟ ਤੋਂ ਡੌਲੀ ਬੇਗਮ ਦੀ ਜਿੱਤ ਦਾ ਐਲਾਨ ਹੋ ਗਿਆ।
ਡੌਲੀ ਨੇ ਫਰਵਰੀ &rsquoਚ ਉਂਟਾਰੀਓ ਐਨਡੀਪੀ ਦੀ ਉਪ ਪ੍ਰਧਾਨਗੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਸੀ ਤੇ ਪਹਿਲੀ ਸੰਸਦੀ ਚੋਣ ਵਿੱਚ ਜਿੱਤ ਹਾਸਲ ਕਰ ਲਈ ਹੈ। ਉਪ ਚੋਣ ਵਾਲੀ ਤੀਜੀ ਸੀਟ ਕੁਬੈਕ ਦੇ ਹਲਕਾ ਟੈਰੀਬੌਨ ਸੀ ਜਿੱਥੇ ਪਿਛਲੀ ਚੋਣ ਵਿੱਚ ਇੱਕ ਵੋਟ ਦੀ ਹਾਰ ਜਿੱਤ ਨੂੰ ਅਦਾਲਤ ਨੇ ਰੱਦ ਕਰਕੇ ਦੁਬਾਰਾ ਚੋਣ ਦਾ ਹੁਕਮ ਸੁਣਾਇਆ ਸੀ। ਲਿਬਰਲ ਪਾਰਟੀ ਦੇ ਉਮੀਦਵਾਰ ਟੈਟਿਆਨਾ ਅਗਸਤੀ ਨੇ ਇਹ ਸੀਟ ਬਲਾਕ ਪਾਰਟੀ ਤੋਂ ਖੋਹ ਕੇ 338 ਮੈਂਬਰੀ ਕੈਨੇਡਿਆਈ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਅੰਕੜਾ 174 ਤੇ ਪਹੁੰਚਾ ਦਿੱਤਾ ਹੈ।