ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਹਿਲਾ ਬਣੇਗੀ ਫੌਜ ਮੁਖੀ

ਆਸਟ੍ਰੇਲੀਆ ਨੇ ਆਪਣੇ 125 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਨੂੰ ਫੌਜ ਦਾ ਮੁਖੀ ਬਣਾਉਣ ਦਾ ਐਲਾਨ ਕੀਤਾ ਹੈ। ਲੈਫਟਿਨੈਂਟ ਜਨਰਲ Susan Coyle ਜੁਲਾਈ ਮਹੀਨੇ ਤੋਂ ਇਹ ਜਿ਼ੰਮੇਵਾਰੀ ਸੰਭਾਲਣਗੇ। ਉਹ ਮੌਜੂਦਾ ਫੌਜ ਮੁਖੀ Simon Stuart ਦੀ ਜਗ੍ਹਾ ਲੈਣਗੇ।
ਪ੍ਰਧਾਨ ਮੰਤਰੀ Anthony Albanese ਨੇ ਇਸਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲਿੰਗ ਸਮਾਨਤਾ ਨੂੰ ਬੜਾਵਾ ਮਿਲੇਗਾ ਅਤੇ ਹੋਰ ਮਹਿਲਾਵਾਂ ਨੂੰ ਅੱਗੇ ਆਉਣ ਲਈ ਪ੍ਰੇਰਨਾ ਮਿਲੇਗੀ। ਰੱਖਿਆ ਮੰਤਰੀ Richard Marles ਨੇ ਵੀ ਇਸ ਫੈਸਲੇ ਨੂੰ ਇੱਕ ਮਹੱਤਵਪੂਰਨ ਦੱਸਿਆ।
55 ਸਾਲਾ ਕੌਇਲ 1987 ਵਿੱਚ ਫੌਜ ਵਿੱਚ ਸ਼ਾਮਿਲ ਹੋਏ ਸਨ ਅਤੇ ਉਹ ਕਈ ਉੱਚ ਅਹੁਦਿਆਂ ''ਤੇ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਅਨੁਭਵ ਨੂੰ ਦੇਖਦਿਆਂ ਸਰਕਾਰ ਨੇ ਉਨ੍ਹਾਂ ''ਤੇ ਇਹ ਜਿ਼ੰਮੇਵਾਰੀ ਸੌਂਪੀ ਹੈ।
ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆਈ ਡਿਫੈਂਸ ਫੋਰਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਭਗ 21 ਫੀਸਦੀ ਹੈ, ਜਿਸਨੂੰ 2030 ਤੱਕ 25 ਫੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਹਾਲੀਆ ਸਾਲਾਂ ਵਿੱਚ ਫੌਜ ਵਿੱਚ ਯੌਨ ਉਤਪੀੜਨ ਅਤੇ ਭੇਦਭਾਵ ਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਹੋਰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸਦੇ ਨਾਲ ਹੀ ਸਰਕਾਰ ਨੇ Mark Hammond ਨੂੰ ਨਵਾਂ ਡਿਫੈਂਸ ਫੋਰਸ ਮੁਖੀ ਅਤੇ Matthew Buckley ਨੂੰ ਨੇਵੀ ਮੁਖੀ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ ਹੈ।