ਹੋਰਮੁਜ਼ ਸਟ੍ਰੇਟ ''ਤੇ ਅਮਰੀਕਾ ਕਰੇਗਾ ਨਾਕਾਬੰਦੀ

ਅਮਰੀਕਾ ਨੇ ਅੱਜ ਤੋਂ ਹੋਰਮੁਜ਼ ਸਟ੍ਰੇਟ ''ਤੇ ਨਾਕਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਮੱਧ-ਪੂਰਬ ਵਿੱਚ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ ਈਰਾਨ ਦੀਆਂ ਬੰਦਰਗਾਹਾਂ ਵੱਲ ਜਾਣ ਵਾਲੇ ਜਹਾਜ਼ਾਂ ਨੂੰ ਰੋਕਿਆ ਜਾਵੇਗਾ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਈਰਾਨ ਦੀ ਤੇਲ ਵਿਕਰੀ ਨੂੰ ਰੋਕਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਹੋਰ ਦੇਸ਼ ਵੀ ਇਸ ਕਾਰਵਾਈ ਵਿੱਚ ਅਮਰੀਕਾ ਦਾ ਸਾਥ ਦੇ ਰਹੇ ਹਨ। ਟਰੰਪ ਅਨੁਸਾਰ, ਈਰਾਨ ਦੀ ਨੇਵੀ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਲਗਭਗ 158 ਜਹਾਜ਼ ਤਬਾਹ ਕਰ ਦਿੱਤੇ ਗਏ ਹਨ।
ਨਾਕਾਬੰਦੀ ਦੇ ਐਲਾਨ ਤੋਂ ਬਾਅਦ ਵਿਸ਼ਵ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਦੇਖਿਆ ਗਿਆ। ਵੈਸਟ ਟੈਕਸਾਸ ਇੰਟਰਮੀਡੀਏਟ 104 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ 102 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਿਆ ਹੈ, ਜਿਸ ਨਾਲ ਗਲੋਬਲ ਮਾਰਕੀਟਾਂ ਵਿੱਚ ਚਿੰਤਾ ਵਧ ਗਈ ਹੈ।
ਇਸਦੇ ਨਾਲ ਹੀ, ਰਿਪੋਰਟਾਂ ਅਨੁਸਾਰ ਪਾਕਿਸਤਾਨ ਵਿੱਚ ਹੋਈ ਵਾਰਤਾ ਨਾਕਾਮ ਰਹਿਣ ਤੋਂ ਬਾਅਦ ਅਮਰੀਕਾ ਈਰਾਨ ''ਤੇ ਮੁੜ ਸੈਨਿਕ ਕਾਰਵਾਈ ਬਾਰੇ ਵੀ ਵਿਚਾਰ ਕਰ ਰਿਹਾ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਸਾਰੇ ਵਿਕਲਪ ਖੁੱਲ੍ਹੇ ਹਨ ਅਤੇ ਹਾਲਾਤ ਦੇ ਅਨੁਸਾਰ ਅਗਲਾ ਫੈਸਲਾ ਲਿਆ ਜਾਵੇਗਾ।