ਵਿਸ਼ਵ ਅਮਨ ਅਤੇ ਰਣਨੀਤਕ ਸੁਰੱਖਿਆ ਦੀ ਲੋੜ
ਪੱਛਮੀ ਏਸ਼ੀਆ ਵਿੱਚ ਵਧ ਰਹੇ ਜੰਗੀ  ਤਕਰਾਰ ਦੇ ਦਰਮਿਆਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਹੋਈ ਤਾਜ਼ਾ ਫ਼ੋਨ ਵਾਰਤਾ ਕੌਮਾਂਤਰੀ ਕੂਟਨੀਤੀ ਦੇ ਨਜ਼ਰੀਏ ਤੋਂ ਬੇਹੱਦ ਅਹਿਮ ਹੈ| ਲਗਭਗ 40 ਮਿੰਟ ਚੱਲੀ ਇਸ ਗੱਲਬਾਤ ਵਿੱਚ ਸਭ ਤੋਂ ਵੱਧ ਜ਼ੋਰ ਹਰਮੁਜ਼ ਜਲ ਮਾਰਗ ਨੂੰ ਮੋਕਲਾ ਅਤੇ ਸੁਰੱਖਿਅਤ ਰੱਖਣ ਤੇ ਦਿੱਤਾ ਗਿਆ| ਇਹ ਜਲ ਮਾਰਗ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਦੀ ਊਰਜਾ ਸੁਰੱਖਿਆ ਲਈ ਇੱਕ ਜੀਵਨ-ਰੇਖਾ ਹੈ| ਅਜਿਹੇ ਸਮੇਂ ਜਦੋਂ ਇਰਾਨ ਅਤੇ ਅਮਰੀਕਾ ਦਰਮਿਆਨ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ, ਦੋਵਾਂ ਵੱਡੀਆਂ ਜਮਹੂਰੀਅਤਾਂ ਦਾ ਇੱਕ ਸੁਰ ਵਿੱਚ ਵਪਾਰਕ ਮਾਰਗਾਂ ਦੀ ਸੁਰੱਖਿਆ ਦੀ ਵਕਾਲਤ ਕਰਨਾ ਵਿਸ਼ਵ ਆਰਥਿਕਤਾ ਨੂੰ ਸਥਿਰ ਰੱਖਣ ਦੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ|
ਹਰਮੁਜ਼ ਜਲ ਮਾਰਗ ਦੀ ਅਹਿਮੀਅਤ ਨੂੰ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਵਿਸ਼ਵ ਦੇ ਕੱਚੇ ਤੇਲ ਦਾ ਇੱਕ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ| ਇਸ ਮਾਰਗ ਵਿੱਚ ਕੋਈ ਵੀ ਰੁਕਾਵਟ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਲਿਆ ਸਕਦੀ ਹੈ, ਜਿਸ ਦਾ ਸਿੱਧਾ ਅਸਰ ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਦੀ ਆਰਥਿਕਤਾ ਤੇ ਪਵੇਗਾ| ਅਮਰੀਕੀ ਰਾਜਦੂਤ ਸਰਗੀਓ ਗੋਰ ਵੱਲੋਂ ਦਿੱਤੇ ਗਏ ਸੰਕੇਤ ਕਿ ਭਾਰਤ ਅਤੇ ਅਮਰੀਕਾ ਜਲਦੀ ਹੀ ਊਰਜਾ ਖੇਤਰ ਵਿੱਚ ਵੱਡੇ ਸੌਦੇ ਕਰ ਸਕਦੇ ਹਨ, ਇਹ ਦਰਸਾਉਂਦਾ ਹੈ ਕਿ ਭਾਰਤ ਆਪਣੀ ਊਰਜਾ ਲੋੜਾਂ ਲਈ ਭਰੋਸੇਯੋਗ ਭਾਈਵਾਲਾਂ ਦੀ ਭਾਲ ਵਿੱਚ ਤੇਜ਼ੀ ਲਿਆ ਰਿਹਾ ਹੈ|
ਦੂਜੇ ਪਾਸੇ, ਪਾਕਿਸਤਾਨ ਵੱਲੋਂ ਇਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਦੀ ਮੇਜ਼ ਤੇ ਲਿਆਉਣ ਦੇ ਯਤਨ ਵੀ ਚਰਚਾ ਦਾ ਵਿਸ਼ਾ ਹਨ| ਇਸਲਾਮਾਬਾਦ ਵਿੱਚ ਹੋਣ ਵਾਲੀ ਸੰਭਾਵਿਤ ਦੂਜੇ ਗੇੜ ਦੀ ਗੱਲਬਾਤ ਇਹ ਤੈਅ ਕਰੇਗੀ ਕਿ ਕੀ ਖੇਤਰ ਵਿੱਚ 21 ਅਪਰੈਲ ਤੋਂ ਬਾਅਦ ਵੀ ਜੰਗਬੰਦੀ ਜਾਰੀ ਰਹੇਗੀ ਜਾਂ ਨਹੀਂ| ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਇਹ ਬਿਆਨ ਕਿ ਗੇਂਦ ਹੁਣ ਇਰਾਨ ਦੇ ਪਾਲੇ ਵਿੱਚ ਹੈ, ਸਪੱਸ਼ਟ ਕਰਦਾ ਹੈ ਕਿ ਅਮਰੀਕਾ ਸਮਝੌਤੇ ਲਈ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਇਰਾਨ ਆਪਣੀਆਂ ਪ੍ਰਮਾਣੂ ਇੱਛਾਵਾਂ &rsquoਤੇ ਲਗਾਮ ਲਗਾਏ|
ਇਸ ਪੂਰੇ ਘਟਨਾਕ੍ਰਮ ਵਿੱਚ ਭਾਰਤ ਦੀ ਭੂਮਿਕਾ ਇੱਕ ਸੰਤੁਲਨ ਬਣਾਉਣ ਵਾਲੇ ਦੇਸ਼ ਵਜੋਂ ਉੱਭਰ ਕੇ ਸਾਹਮਣੇ ਆਈ ਹੈ| ਭਾਰਤ ਦੇ ਇਰਾਨ ਨਾਲ ਪੁਰਾਣੇ ਇਤਿਹਾਸਕ ਅਤੇ ਰਣਨੀਤਕ ਸਬੰਧ ਹਨ ਅਤੇ ਅਮਰੀਕਾ ਨਾਲ ਉਹ ਇੱਕ ਵਿਆਪਕ ਰਣਨੀਤਕ ਭਾਈਵਾਲ ਵਜੋਂ ਜੁੜਿਆ ਹੋਇਆ ਹੈ| ਮੋਦੀ-ਟਰੰਪ ਵਾਰਤਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਭਾਰਤ ਫੇਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਦੀ ਸਥਿਰਤਾ ਲਈ ਭਾਰਤ ਅਤੇ ਅਮਰੀਕਾ ਦਾ ਤਾਲਮੇਲ ਬਹੁਤ ਜ਼ਰੂਰੀ ਹੈ|
ਅੰਤ ਵਿੱਚ, ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਦੀ ਸਲਾਹ ਕਿ ਸੰਵਾਦ ਜਾਰੀ ਰਹਿਣਾ ਚਾਹੀਦਾ ਹੈ, ਸਭ ਤੋਂ ਉੱਤਮ ਹੈ| ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ| ਵਿਸ਼ਵ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਆਪਸੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਤੇ ਮਹਿੰਗਾਈ ਅਤੇ ਅਸੁਰੱਖਿਆ ਦਾ ਬੋਝ ਨਾ ਪਵੇ|
-ਰਜਿੰਦਰ ਸਿੰਘ ਪੁਰੇਵਾਲ