28 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼, ਜੁਝਾਰੂ ਸਿੱਖ ਆਗੂ ਜਥੇਦਾਰ ਊਧਮ ਸਿੰਘ ਨਾਗੋਕੇ ਨੂੰ ਯਾਦ ਕਰਦਿਆਂ

ਗੁਰਦੁਆਰਾ ਸੁਧਾਰ ਲਹਿਰ ਨੇ ਕੇਵਲ ਸੰਘਰਸ਼ਸ਼ੀਲ ਆਗੂ ਹੀ ਪੈਦਾ ਨਹੀਂ ਕੀਤੇ । ਸਗੋਂ ਆਪਣੇ ਅਕੀਦੇ ਤੇ ਵਿਸ਼ਵਾਸ &lsquoਤੇ ਪਹਿਰਾ ਦਿੰਦਿਆਂ, ਸਿੱਖ ਹਿੱਤਾਂ ਪ੍ਰਤੀ ਪ੍ਰਤੀਬੱਧਤਾ ਨਾਲ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਦਾ ਮੁਕਾਬਲਾ ਕਰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ &lsquoਤੇ ਵੀ ਪੂਰੇ ਉਤਰਨ ਵਾਲੇ ਵਿਰਲੇ ਹੀ ਹੁੰਦੇ ਹਨ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਤੇ ਰਾਜ ਸਭਾ ਦੇ ਮੈਂਬਰ ਵਜੋਂ ਜਿਸ ਪਦ &lsquoਤੇ ਵੀ ਰਹੇ ਹਮੇਸ਼ਾ ਪੰਥ ਪ੍ਰਸਤ ਹੀ ਰਹੇ । ਜਥੇਦਾਰ ਊਧਮ ਸਿੰਘ ਨਾਗੋਕੇ ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਜੀਵਨ ਦੇ ਹਰ ਮੋੜ ਤੇ ਜੁਝਾਰੂ ਸਿੱਖ ਵਜੋਂ ਆਪਣੀ ਪਹਿਚਾਣ ਬਣਾਈ ਰੱਖੀ । ਇਸ ਪੰਥ ਸੇਵਕ ਦਾ ਜਨਮ 28 ਅਪ੍ਰੈਲ, 1894 ਈ: ਨੂੰ ਭਾਈ ਬੇਲਾ ਸਿੰਘ ਅਤੇ ਮਾਤਾ ਆਸ ਕੌਰ ਦੇ ਗ੍ਰਹਿ ਵਿਖੇ ਪਿੰਡ ਨਾਗੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ । ਤਕੜੇ ਜੁੱਸੇ ਅਤੇ ਕੱਦ ਕਾਠ ਦੇ ਮਾਲਕ ਜਥੇਦਾਰ ਊਧਮ ਸਿੰਘ ਨੇ ਪਹਿਲਾਂ ਫ਼ੌਜ ਦੀ ਨੌਕਰੀ ਕੀਤੀ, ਪਰ ਛੇਤੀ ਹੀ ਫ਼ੌਜੀ ਨੌਕਰੀ ਨੂੰ ਅਲਵਿਦਾ ਆਖਕੇ 26 ਕੁ ਸਾਲ ਦੀ ਉਮਰ ਵਿੱਚ ਘਰ ਵਾਪਸ ਆ ਗਏ, 1920 ਅਜਿਹਾ ਵਰ੍ਹਾ ਸੀ ਜੋ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭਕ ਵਰ੍ਹਾ ਸੀ । ਪੂਰੇ ਜੋਸ਼ੋ-ਖਰੋਸ਼ ਨਾਲ ਗੁਰਧਾਮਾਂ ਦੀ ਅਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ । ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇ ਖਾਨੇ ਦੀਆਂ ਚਾਬੀਆਂ ਲੈਣ ਦੇ ਮਾਮਲੇ ਵਿੱਚ ਛੇ ਮਹੀਨੇ ਦੀ ਕੈਦ ਹੋਈ । ਇਸ ਤੋਂ ਛੇਤੀ ਪਿੱਛੋਂ ਗੁਰੂ ਕੇ ਬਾਗ ਮੋਰਚੇ ਵਿੱਚ ਇਕ ਸਾਲ ਦੀ ਕੈਦ ਕੱਟਣੀ ਪਈ । ਹੁਣ ਜਥੇਦਾਰ ਊਧਮ ਸਿੰਘ ਪੰਥਕ ਸਫ਼ਾਂ ਵਿੱਚ ਜਾਣੇ-ਪਛਾਣੇ ਸਿੱਖ ਆਗੂ ਬਣ ਚੁੱਕੇ ਸਨ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੈਸੀਅਤ ਵਿੱਚ ਆਪ ਨੇ ਜੈਤੋ ਦੇ ਮੋਰਚੇ ਦੇ ਪਹਿਲੇ ਜਥੇ ਦੀ ਅਗਵਾਈ ਕਰਨੀ ਸੀ । ਪਰ ਮੋਰਚੇ ਵਿੱਚ ਜਥਾ ਲੈ ਜਾਣ ਤੋਂ ਪਹਿਲਾਂ 8 ਫ਼ਰਵਰੀ, 1924 ਨੂੰ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਹੁਣ ਮੁੜ ਦੋ ਸਾਲ ਦੀ ਕੈਦ ਦੀ ਸਜ਼ਾ ਹੋਈ । 
ਜਦੋਂ 1926 ਈ: ਵਿੱਚ ਕੈਦ ਤੋਂ ਬਾਹਰ ਆਏ ਤਾਂ ਫਿਰ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੜ ਜਥੇਦਾਰ ਨਿਯੁਕਤ ਕੀਤਾ ਗਿਆ । ਜਦੋਂ 1925 ਵਿੱਚ ਅੰਗ੍ਰੇਜ਼ ਹਕੂਮਤ ਨੇ ਗੁਰਦੁਆਰਾ ਐਕਟ ਬਣਾਇਆ ਤਾਂ ਜਥੇਦਾਰ ਊਧਮ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ । ਇਸ ਤੋਂ ਪਿੱਛੋਂ 1954 ਈ: ਤੱਕ ਕਿਸੇ-ਨਾ ਕਿਸੇ ਹੈਸੀਅਤ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਨਿਭਾਉਂਦੇ ਰਹੇ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਬੰਧਕੀ ਸੇਵਾਵਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ । ਸ੍ਰੀ ਗੁਰੂ ਰਾਮ ਦਾਸ ਨਿਵਾਸ (ਸਰਾਂ) ਦੀ ਉਸਾਰੀ ਵਿੱਚ ਵੀ ਸ਼ਲਾਘਾਯੋਗ ਕਾਰਜ ਕੀਤੇ । 1948 ਈ: ਅਤੇ 1952 ਈ: ਵਿੱਚ ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ।
1920 ਈ: ਤੋਂ ਹੀ ਆਪ ਕਾਂਗਰਸ ਪਾਰਟੀ ਨਾਲ ਸੰਬੰਧਿਤ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਂਦੇ ਰਹੇ । ਇਨ੍ਹਾਂ ਦਿਨਾਂ ਵਿੱਚ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਲਈ ਹਰ ਪੰਥ ਪ੍ਰਸਤ ਆਗੂ ਆਪਣਾ ਯੋਗਦਾਨ ਪਾਉਂਦਾ ਸੀ । ਕਿਉਂਕਿ ਕਾਂਗਰਸ ਦੇਸ਼ ਦੀ ਅਜ਼ਾਦੀ ਲਹਿਰ ਲਈ ਸੰਘਰਸ਼ ਵਿੱਚ ਜੁਟੀ ਹੋਈ ਸੀ । ਕਾਂਗਰਸ ਵੱਲੋਂ ਚਲਾਏ ਸਿਵਲ ਨਾ ਫੁਰਮਾਨੀ ਅੰਦੋਲਨ ਵਿੱਚ ਹਿੱਸਾ ਲੈਣ ਕਰਕੇ ਹਕੂਮਤ ਵੱਲੋਂ ਇਕ ਸਾਲ ਦੀ ਸਜ਼ਾ ਹੋਈ । 1942 ਈ: ਵਿੱਚ ਭਾਰਤ ਛੋੜੋ ਅੰਦੋਲਨ ਵਿੱਚ ਭਾਗ ਲੈਣ ਕਰਕੇ ਤਿੰਨ ਸਾਲ ਦੀ ਸਜ਼ਾ ਭੁਗਤੀ । ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ 1946 ਈ: ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ । ਦੇਸ਼ ਦੀ ਅਜ਼ਾਦੀ ਤੋਂ ਬਾਅਦ 1952 ਈ: ਵਿੱਚ ਆਪ ਨੂੰ ਭਾਰਤ ਸੇਵਕ ਸਮਾਜ ਦਾ ਮੁਖੀ ਬਣਾਇਆ ਗਿਆ । 1953 ਈ: ਵਿੱਚ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਹੋਏ । 1960 ਈ: ਤੱਕ ਰਾਜ ਸਭਾ ਵਿੱਚ ਇਸ ਪਦਵੀ &lsquoਤੇ ਰਹੇ । 1960 ਈ: ਵਿੱਚ ਰਾਜ ਗੋਪਾਲ ਅਚਾਰੀਆ ਵੱਲੋਂ ਸ਼ੁਰੂ ਕੀਤੀ ਸੁਤੰਤਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਸੁਤੰਤਰ ਪਾਰਟੀ ਦੀ ਪੰਜਾਬ ਸ਼ਾਖਾ ਦੇ ਪਹਿਲੇ ਮੁਖੀ ਬਣੇ ।
ਅਕਾਲੀ ਦਲ ਨਾਲ ਸ਼ੁਰੂ ਤੋਂ ਹੀ ਸੰਬੰਧਿਤ ਰਹੇ । 1935 ਈ: ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ । 1942 ਵਿੱਚ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨਾਲ ਮੱਤਭੇਦ ਹੋਣ ਕਰਕੇ ਉਨ੍ਹਾਂ ਦੇ ਧੜੇ ਤੋਂ ਵੱਖ ਹੋ ਗਏ । 1948 ਈ: ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਮਾਸਟਰ ਤਾਰਾ ਸਿੰਘ ਨੂੰ ਹਰਾਇਆ । ਜਦੋਂ 1947 ਈ: ਵਿੱਚ ਦੇਸ਼ ਦੀ ਵੰਡ ਹੋਈ ਤਾਂ ਦੰਗਿਆਂ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫਿਰਕੂ ਦੰਗਿਆਂ ਤੋਂ ਬਚਾਉਣ ਲਈ ਜਿਹੜੇ ਫਰਜ਼ਾਂ ਨੂੰ ਨਿਭਾਇਆ, ਉਸ ਦੀ ਪ੍ਰਸ਼ੰਸਾ ਹਰ ਸਰਬ-ਸਾਂਝੀਵਾਲਤਾ ਦੇ ਮੁਦਈ ਦੇਸ਼ ਵਾਸੀ ਦੀ ਜ਼ੁਬਾਨ ਉੱਪਰ ਸੀ ।
ਪੂਰੀ ਹਯਾਤੀ ਦੌਰਾਨ ਵਾਰ-ਵਾਰ ਜੇਲ੍ਹਾਂ ਵਿੱਚ ਰਹਿਣ ਕਰਕੇ ਸਿਹਤ ਖਰਾਬ ਰਹਿਣ ਲੱਗ ਪਈ । 11 ਜਨਵਰੀ, 1966 ਨੂੰ ਚੰਡੀਗੜ੍ਹ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਇਸ ਜੁਝਾਰੂ ਸਿੱਖ ਆਗੂ ਦੀ ਯਾਦ ਅੱਜ ਵੀ ਲੋਕ-ਮਨਾਂ ਵਿੱਚ ਤਰੋ-ਤਾਜ਼ਾ ਹੈ । 
-ਭਗਵਾਨ ਸਿੰਘ ਜੌਹਲ