ਵਿਸਾਖੀ ਮੌਕੇ ਸੇਵਾ ਦੀ ਮਿਸਾਲ: ਸਿਖ ਸੇਵਕ ਸੁਸਾਇਟੀ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਵਿਖੇ ਕਿਰਤੀ ਪਰਿਵਾਰਾਂ ਦੀ ਫੜੀ ਬਾਂਹ

*ਵਿਸਾਖੀ 'ਤੇ 'ਵੰਡ ਛਕਣ' ਦੇ ਸਿਧਾਂਤ 'ਤੇ ਪਹਿਰਾ: ਗੁਰੂ ਨਾਨਕ ਮਿਸ਼ਨ ਵਿਖੇ ਹੋਈ ਸੇਵਾ ਦੀ ਵਰਖਾ
*ਮਨੁੱਖੀ ਸੇਵਾ 'ਚ ਮੋਹਰੀ ਸਿੱਖ ਸੇਵਕ ਸੁਸਾਇਟੀ: ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਨੇਕ ਕਾਰਜ
ਅਜੋਕੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ ਵਿੱਚ, ਜਿੱਥੇ ਹਰ ਇਨਸਾਨ ਆਪਣੀ ਨਿੱਜੀ ਦੌੜ ਵਿੱਚ ਰੁੱਝਿਆ ਹੋਇਆ ਹੈ, ਉੱਥੇ ਕੁਝ ਅਜਿਹੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੀ ਹਨ ਜੋ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦੇ ਗੁਰਵਾਕ ਨੂੰ ਅਮਲੀ ਜਾਮਾ ਪਹਿਨਾ ਰਹੀਆਂ ਹਨ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਮਿਸ਼ਨ, ਜਲੰਧਰ ਵਿਖੇ ਕਰਵਾਇਆ ਗਿਆ ਸਮਾਗਮ ਮਨੁੱਖੀ ਹਮਦਰਦੀ ਦੀ ਇੱਕ ਮਿਸਾਲੀ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ। ਇਸ ਅਸਥਾਨ ਤੋਂ ਲੋੜਵੰਦਾਂ ਨੂੰ ਵੀਲ੍ਹ-ਚੇਅਰਾਂ ਵੰਡਣ ਦਾ ਕਾਰਜ ਕੇਵਲ ਇੱਕ ਸਹਾਇਤਾ ਮਾਤਰ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਵਿੱਚ ਨਵੀਂ ਉਮੀਦ ਦੀ ਕਿਰਨ ਜਗਾਉਣ ਦਾ ਯਤਨ ਹੈ।
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਗੁਰੂ ਨਾਨਕ ਮਿਸ਼ਨ ਜਲੰਧਰ ਦੀ ਪਵਿੱਤਰ ਧਰਤੀ 'ਤੇ ਸੇਵਾ ਦੇ ਅਸਲ ਅਰਥਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਦਾ ਇਹ ਕਹਿਣਾ ਕਿ "ਅਸੀਂ ਅੰਨ ਐਨਜੀਓ ਨਹੀਂ, ਗੁਰੂ ਦੀ ਸੰਗਤ ਹਾਂ", ਸਿੱਖੀ ਦੇ ਉਸ ਮੂਲ ਸਿਧਾਂਤ ਨੂੰ ਦਰਸਾਉਂਦਾ ਹੈ ਜਿੱਥੇ ਸੇਵਾ ਕਿਸੇ ਅੰਕੜੇ ਜਾਂ ਪ੍ਰਸਿੱਧੀ ਲਈ ਨਹੀਂ, ਸਗੋਂ ਸਤਿਗੁਰੂ ਦੀ ਰਜ਼ਾ ਵਿੱਚ ਰਹਿ ਕੇ 'ਦਸਵੰਧ' ਰਾਹੀਂ ਲੋੜਵੰਦਾਂ ਦੇ ਦੁੱਖ ਵੰਡਾਉਣ ਲਈ ਕੀਤੀ ਜਾਂਦੀ ਹੈ। ਜਦੋਂ ਕਿਸੇ ਮਜਬੂਰ ਇਨਸਾਨ ਦੇ ਪੈਰ ਸਾਥ ਛੱਡ ਦਿੰਦੇ ਹਨ, ਤਾਂ ਵੀਲ੍ਹ-ਚੇਅਰ ਵਰਗੀ ਸਹਾਇਤਾ ਉਸ ਲਈ ਸਿਰਫ਼ ਇੱਕ ਕੁਰਸੀ ਨਹੀਂ ਹੁੰਦੀ, ਸਗੋਂ ਮੁੜ ਤੋਂ ਆਜ਼ਾਦ ਫ਼ਿਜ਼ਾ ਵਿੱਚ ਵਿਚਰਨ ਦਾ ਇੱਕ ਵਸੀਲਾ ਬਣ ਜਾਂਦੀ ਹੈ।
ਸੁਸਾਇਟੀ ਦਾ ਕਾਰਜ ਖੇਤਰ ਕੇਵਲ ਵੀਲ੍ਹ-ਚੇਅਰਾਂ ਵੰਡਣ ਤੱਕ ਸੀਮਤ ਨਹੀਂ ਹੈ। 10 ਗਰੀਬ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਾ ਅਤੇ ਬਿਮਾਰਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਇਹ ਸਿੱਧ ਕਰਦਾ ਹੈ ਕਿ ਇਹ ਜਥੇਬੰਦੀ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਸਮਝਦੀ ਹੈ। ਜਲੰਧਰ ਦੇ 7 ਕਿਰਤੀ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਵੀਲ੍ਹ-ਚੇਅਰਾਂ ਉਨ੍ਹਾਂ ਦੇ ਜੀਵਨ ਦੇ ਗੁਜ਼ਾਰੇ ਨੂੰ ਸੌਖਾ ਕਰਨ ਵਿੱਚ ਸਹਾਈ ਹੋਣਗੀਆਂ।
ਇਸ ਨੇਕ ਕਾਰਜ ਦੀ ਸਫਲਤਾ ਪਿੱਛੇ ਇੱਕ ਵੱਡੀ ਟੀਮ ਦਾ ਸਮਰਪਣ ਛੁਪਿਆ ਹੋਇਆ ਹੈ। ਸੁਸਾਇਟੀ ਦੀ ਨਿਰਸਵਾਰਥ ਸੇਵਾ ਨੂੰ ਉਦੋਂ ਹੋਰ ਵੀ ਬਲ ਮਿਲਿਆ, ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ ਨੇ ਇਸ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਗੁਰਦੁਆਰੇ ਹਾਲ ਵਿਚ ਜੁੜੀ ਸੰਗਤ ਦੀ ਹਾਜ਼ਰੀ ਵਿਚ ਸੁਸਾਇਟੀ ਨੂੰ ਦਬੇ ਕੁਚਲੇ ਸਮਾਜ ਲਈ ਇੱਕ 'ਚਾਨਣ ਮੁਨਾਰਾ' ਕਰਾਰ ਦਿੱਤਾ।
ਇਸ ਸਮਾਗਮ ਦੌਰਾਨ :ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਸੰਤੋਖ ਸਿੰਘ ਦਿਲੀ ਪੇਂਟਸੰਦੀਪ ਸਿੰਘ ਚਾਵਲਾ, ਠੇਕੇਦਾਰ ਹਰਦੇਵ ਸਿੰਘ ਗਰਚਾ,ਅਰਵਿੰਦਰਜੀਤ ਸਿੰਘ ਚੱਡਾ (ਐਡਵੋਕੇਟ), ਬਲਜੀਤ ਸਿੰਘ ਮਿਸ਼ਨਰੀ, ਪ੍ਰਿੰਸੀਪਲ ਮਨਦੀਪ ਸਿੰਘ,ਗੁਰਪ੍ਰੀਤ ਸਿੰਘ ਰਾਜੂ, ਸਰਦਾਰ ਦਵਿੰਦਰ ਸਿੰਘ ਅਨੰਦ, ਮਨਕਰਨ ਸਿੰਘ,ਸੁਖਵਿੰਦਰ ਸਿੰਘ ਗੋਗੀ, ਗੁਰਬਚਨ ਸਿੰਘ ਕਥੂਰੀਆ ਆਦਿ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕਾਂ ਵਲੋਂ ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਬਜਾਜ, ਰਜਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ, ਦਵਿੰਦਰ ਪਾਲ ਸਿੰਘ ਸੈਨੀ, ਡਾਕਟਰ ਤਨਵੀਰ ਡੂਮਰਾ , ਸ. ਸੁਖਦੇਵ ਸਿੰਘ ਗਾਂਧੀ, ਸ. ਤੇਜਿੰਦਰ ਪਾਲ ਸਿੰਘ, ਸ. ਇੰਦਰਮੋਹਨ ਸਿੰਘ, ਸਤਿੰਦਰ ਪਾਲ ਸਿੰਘ, ਸ. ਪਰਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਵੀਪੀ ਸਿੰਘ ਦੀ ਹਾਜ਼ਰੀ ਨੇ ਇਸ ਸੇਵਾ ਕਾਰਜ ਨੂੰ ਹੋਰ ਬਲ ਦਿੱਤਾ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦਾ ਇਹ ਯਤਨ ਹੋਰਨਾਂ ਸੰਸਥਾਵਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਗੁਰੂ ਨਾਨਕ ਦੇਵ ਜੀ ਦੇ 'ਕਿਰਤ ਕਰੋ ਤੇ ਵੰਡ ਛਕੋ' ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ, ਇਹ ਸੁਸਾਇਟੀ ਪੰਜਾਬ 'ਤੇ ਆਈ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਵੀ ਹਮੇਸ਼ਾ ਮੋਹਰੀ ਰੋਲ ਨਿਭਾਉਂਦੀ ਰਹੀ ਹੈ। ਅਜਿਹੇ ਉਪਰਾਲੇ ਹੀ ਸਮਾਜ ਵਿੱਚ ਇਨਸਾਨੀਅਤ ਦੀ ਉਮੀਦ ਨੂੰ ਜਿਉਂਦਾ ਰੱਖਦੇ ਹਨ। ਲੋੜਵੰਦਾਂ ਦੀਆਂ ਅੱਖਾਂ ਦੀ ਚਮਕ ਹੀ ਇਸ ਸੇਵਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।