ਦਿੱਲੀ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ: ਆਪਸ ਵਿੱਚ ਟਕਰਾਏ ਦੋ ਜਹਾਜ਼

ਦਿੱਲੀ ਹਵਾਈ ਅੱਡੇ &rsquoਤੇ ਅੱਜ ਦੁਪਹਿਰ ਵੇਲੇ ਸਪਾਈਸਜੈੱਟ ਦਾ ਜਹਾਜ਼ ਪਾਰਕਿੰਗ ਏਰੀਏ ਵਿੱਚ ਖੜ੍ਹੇ ਅਕਾਸਾ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਕਾਰਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਾਰੇ ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਇਸ ਘਟਨਾ ਵਿੱਚ ਉਨ੍ਹਾਂ ਦੇ ਜਹਾਜ਼ ਦੇ ਸੱਜੇ ਖੰਭ (ਰਾਈਟ ਵਿੰਗ) ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਕਾਸਾ ਦੇ ਜਹਾਜ਼ ਦੇ ਪੱਖੇ ਨੂੰ ਵੀ ਸੱਟ ਵੱਜੀ ਹੈ।
ਘਟਨਾ ਤੋਂ ਬਾਅਦ ਸਪਾਈਸਜੈੱਟ ਦੇ ਇਸ ਜਹਾਜ਼ ਨੂੰ ਦਿੱਲੀ ਵਿੱਚ ਹੀ ਗਰਾਊਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਵਰਤੋਂ ਉਡਾਣ ਲਈ ਨਹੀਂ ਕੀਤੀ ਜਾਵੇਗੀ। ਫਲਾਈਟ ਰਡਾਰ-24 ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਲੇਹ ਤੋਂ ਆਇਆ ਸਪਾਈਸਜੈੱਟ ਦਾ ਜਹਾਜ਼ ਗੇਟ ਵੱਲ ਵਧ ਰਿਹਾ ਸੀ ਅਤੇ ਅਕਾਸਾ ਏਅਰ ਦਾ ਜਹਾਜ਼ ਹੈਦਰਾਬਾਦ ਜਾਣ ਲਈ ਪੁਸ਼ਬੈਕ ਕਰ ਰਿਹਾ ਸੀ।