ਕੈਲੀਫੋਰਨੀਆ ਅਸੈਂਬਲੀ ਨੇ ''ਵਿਸਾਖੀ'' ਨੂੰ ਮਹੱਤਵਪੂਰਨ ਦਿਨ ਵਜੋਂ ਦਿੱਤੀ ਮਾਨਤਾ

ਵਾਸ਼ਿੰਗਟਨ : ਕੈਲੀਫੋਰਨੀਆ ਅਸੈਂਬਲੀ ਨੇ ਇਕ ਮਤਾ ਪਾਸ ਕਰ ਕੇ ਵਿਸਾਖੀ ਨੂੰ ਸਿੱਖ-ਅਮਰੀਕੀਆਂ ਲਈ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਹੈ ਅਤੇ ਸੂਬਾ ਨਿਵਾਸੀਆਂ ਨੂੰ ਵਿਸਾਖੀ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ। ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਦੁਆਰਾ ਪੇਸ਼ ਕੀਤੇ ਗਏ ਇਸ ਮਤੇ ਨੂੰ ਸਦਨ ਦੇ 80 ਮੈਂਬਰਾਂ ਵਿੱਚੋਂ 76 ਦਾ ਸਮਰਥਨ ਪ੍ਰਾਪਤ ਹੋਇਆ ਅਤੇ ਇਹ ਸੋਮਵਾਰ ਨੂੰ ਵਿਸਾਖੀ ਦੀ ਪੂਰਵ ਸੰਧਿਆ 'ਤੇ ਪਾਸ ਹੋ ਗਿਆ।

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਐਕਸ 'ਤੇ ਪੋਸਟ ਕੀਤਾ, "ਕੈਲੀਫੋਰਨੀਆ ਵਿੱਚ ਵਿਸਾਖੀ ਮਨਾ ਰਹੇ ਸਿੱਖ ਭਾਈਚਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਭਰਪੂਰ ਫ਼ਸਲਾਂ ਲਈ ਮੇਰੀਆਂ ਸ਼ੁਭਕਾਮਨਾਵਾਂ। ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਮਤੇ ਵਿੱਚ ਕਿਹਾ ਗਿਆ ਹੈ ਕਿ ਅਸੈਂਬਲੀ 14 ਅਪ੍ਰੈਲ, 2026 ਨੂੰ ਮਨਾਈ ਜਾ ਰਹੀ ਵਿਸਾਖੀ ਨੂੰ ਮਾਨਤਾ ਦਿੰਦੀ ਹੈ ਅਤੇ ਇਸ ਨੂੰ ਸਿੱਖ ਇਤਿਹਾਸ ਅਤੇ ਸਿੱਖ-ਅਮਰੀਕੀਆਂ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਮੰਨਦੇ ਹੋਏ ਇਸ ਮੌਕੇ 'ਤੇ ਡੂੰਘਾ ਸਤਿਕਾਰ ਪ੍ਰਗਟ ਕਰਦੀ ਹੈ । ਨਾਲ ਹੀ ਇਸ ਨੇ ਦੁਨੀਆ ਭਰ ਦੇ ਦੱਖਣੀ ਏਸ਼ੀਆਈ ਭਾਈਚਾਰਿਆਂ ਅਤੇ ਪ੍ਰਵਾਸੀ ਭਾਰਤੀਆਂ ਨਾਲ ਇਸ ਤਿਉਹਾਰ ਨੂੰ ਮਨਾਉਣ ਵਾਲਿਆਂ ਪ੍ਰਤੀ ਸਨਮਾਨ ਪ੍ਰਗਟਾਇਆ।

ਕਈ ਅਮਰੀਕੀ ਨੇਤਾਵਾਂ ਨੇ ਵੀ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ । ਸੈਨੇਟਰ ਚੱਕ ਸ਼ੂਮਰ ਨੇ ਕਿਹਾ ਕਿ ਇਹ ਦਿਨ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਦਾ ਪ੍ਰਤੀਕ ਹੈ, ਜੋ ਸਮਾਨਤਾ, ਸੇਵਾ ਅਤੇ ਹਿੰਮਤ ਦੀ ਪਰੰਪਰਾ ਨੂੰ ਦਰਸਾਉਂਦਾ ਹੈ। ਇਸ ਦੌਰਾਨ ਟੈਕਸਾਸ ਤੋਂ ਕਾਂਗਰਸਵੂਮੈਨ ਲਿਜ਼ੀ ਫਲੈਚਰ ਅਤੇ ਕੈਲੀਫੋਰਨੀਆ ਤੋਂ ਕਾਂਗਰਸਮੈਨ ਬ੍ਰੈਡ ਸ਼ਰਮਨ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ, ਜਦੋਂ ਕਿ ਮੈਰੀਲੈਂਡ ਤੋਂ ਕਾਂਗਰਸਮੈਨ ਜੈਮੀ ਰਾਸਕਿਨ ਨੇ ਇਸ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਮਨਾਉਣ ਲਈ ਇੱਕ ਤਿਉਹਾਰ ਕਿਹਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਨੂੰ ਸਿੱਖ ਅਤੇ ਹਿੰਦੂ ਭਾਈਚਾਰਿਆਂ ਲਈ ਸਤਿਕਾਰ ਦਾ ਇੱਕ ਇਤਿਹਾਸਕ ਪਲ ਦੱਸਿਆ।