ਰੂਸ ਨੇ ਕੀਤਾ ਯੂਕਰੇਨ ''ਤੇ ਹਵਾਈ ਹਮਲਾ, 16 ਮੌਤਾਂ

ਕੀਵ: 32 ਘੰਟਿਆਂ ਦੀ ਜੰਗਬੰਦੀ ਖਤਮ ਹੋਣ ਦੇ ਤੁਰੰਤ ਬਾਅਦ ਰੂਸ ਨੇ ਯੂਕਰੇਨ ''ਤੇ ਭਾਰੀ ਹਵਾਈ ਹਮਲੇ ਕੀਤੇ। ਤਾਜ਼ਾ ਜਾਣਕਾਰੀ ਮੁਤਾਬਕ ਰਾਤ ਭਰ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਵੱਧ ਜ਼ਖਮੀ ਹੋਏ ਹਨ। ਇਹ ਹਮਲਾ ਪਿਛਲੇ ਦੋ ਹਫਤਿਆਂ ਵਿੱਚ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ।
ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਨੇ ਦੱਸਿਆ ਕਿ ਰੂਸ ਨੇ ਲਗਭਗ 700 ਡਰੋਨ ਅਤੇ ਕਈ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਕੀਵ ਵਿੱਚ ਘੱਟੋ-ਘੱਟ 4 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ 12 ਸਾਲਾ ਬੱਚਾ ਵੀ ਸ਼ਾਮਿਲ ਹੈ, ਅਤੇ 50 ਤੋਂ ਵੱਧ ਜ਼ਖਮੀ ਹੋਏ।
ਦੱਖਣੀ ਸ਼ਹਿਰ ਓਡੇਸਾ ਵਿੱਚ 9 ਮੌਤਾਂ ਹੋਈਆਂ ਅਤੇ 23 ਜ਼ਖਮੀ ਹੋਏ, ਜਦਕਿ ਡਨੀਪਰੋ ਖੇਤਰ ਵਿੱਚ 3 ਲੋਕ ਮਾਰੇ ਗਏ। ਜ਼ਪੋਰੀਝੀਆ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ।
ਯੂਕਰੇਨ ਦੀ ਹਵਾਈ ਸੈਨਾ ਮੁਤਾਬਕ 703 ਟੀਚਿਆਂ ਵਿੱਚੋਂ 667 ਨੂੰ ਨਸ਼ਟ ਜਾਂ ਨਾਕਾਮ ਕੀਤਾ ਗਿਆ। ਫਿਰ ਵੀ 20 ਡਰੋਨ ਅਤੇ 12 ਮਿਜ਼ਾਈਲਾਂ ਨੇ 26 ਥਾਂਵਾਂ ''ਤੇ ਹਮਲੇ ਕੀਤੇ।
ਸਿਬੀਹਾ ਨੇ ਇਸਨੂੰ ਜੰਗੀ ਅਪਰਾਧ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਲਈ ਜਿ਼ੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।