ਫਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ ਵਿੱਚ ਭਾਰਤੀ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਆਸਟਿਨ, ਟੈਕਸਾਸ ਵਿੱਚ ਫਰਜੀ ਟੈਕਸ ਰਿਟਰਨਾਂ ਭਰਨ ਦੇ ਮਾਮਲੇ ਵਿੱਚ ਇੱਕ ਭਾਰਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਸੰਘੀ ਅਦਾਲਤ ਵਿੱਚ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ ਹੈ। ਸੁਭੱਲਾ ਸੁਰੇਸ਼ ਨੇ ਮੰਨਿਆ ਕਿ ਉਸ ਨੇ ਜਨਵਰੀ 2019 ਤੋਂ ਅਕਤੂਬਰ 2022 ਦਰਮਿਆਨ ਜਦੋਂ ਉਹ ਇਕ ਸਥਾਨਕ ਫਰਮ ਵਿੱਚ ਕੰਮ ਕਰਦਾ ਸੀ,ਫਰਜੀ ਰਿਟਰਨਾਂ ਭਰੀਆਂ। ਇਸਤਗਾਸਾ ਪੱਖ ਅਨੁਸਾਰ ਸੁਰੇਸ਼ ਨੇ ਜਾਣਬੁਝਕੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਗਾਹਕਾਂ ਦਾ ਟੈਕਸ ਘਟਾਉਣ ਲਈ ਰਿਟਰਨਾਂ ਵਿੱਚ ਫਰਜੀ ਖਰਚੇ ਸ਼ਾਮਿਲ ਕੀਤੇ। ਅਦਾਲਤੀ ਦਸਤਾਵੇਜਾਂ ਅਨੁਸਾਰ ਸੁਰੇਸ਼ ਨੇ ਅਮਰੀਕੀ ਖਜ਼ਾਨੇ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਪਹੁੰਚਾਇਆ। ਇਕ ਅਨੁਮਾਨ ਅਨੁਸਾਰ ਇਹ ਨੁਕਸਾਨ ਸਾਢੇ ਪੰਜ ਲੱਖ ਡਾਲਰ ਤੱਕ ਹੋ ਸਕਦਾ ਹੈ। ਸੁਰੇਸ਼ ਚੌਥਾ ਵਿਅਕਤੀ ਹੈ ਜਿਸ ਨੇ ਟੈਕਸ ਫਰਾਡ ਸਕੀਮ ਤਹਿਤ ਆਪਣਾ ਗੁਨਾਹ ਮੰਨਿਆ ਹੈ ਇਸ ਤੋਂ ਪਹਿਲਾਂ ਮੈਥੀਊਜ ਚਾਕੋ,
ਅਨੀਸ਼ ਪਿਲਾਈ ਤੇ ਮੋਅ ਕੁੰਡੂ ਨਾਮੀ ਵਿਅਕਤੀ ਵੀ ਫਰਜੀ ਟੈਕਸ ਰਿਟਰਨਾਂ ਭਰਨ ਦੇ ਦੋਸ਼ਾਂ ਨੂੰ ਮੰਨ ਚੁੱਕੇ ਹਨ। ਅਦਾਲਤ ਨੇ ਇਨਾਂ ਨੂੰ ਸਜਾ ਸੁਣਾਉਣ ਬਾਰੇ ਅਜੇ ਤਰੀਕ ਤੈਅ ਨਹੀਂ ਕੀਤੀ ਹੈ।