‘ਆਪ’ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

ਸ਼ੁੱਕਰਵਾਰ ਤੜਕੇ ਈਡੀ ਦੀਆਂ ਟੀਮਾਂ ਨੇ ਸੂਬੇ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਥਾਨਕ ਰਿਹਾਇਸ਼ ਸਮੇਤ ਵੱਖ-ਵੱਖ ਟਿਕਾਣਿਆਂ &rsquoਤੇ ਇਕੋ ਵੇਲੇ ਦਸਤਕ ਦਿੱਤੀ ਹੈ। ਕੇਂਦਰੀ ਸੁਰੱਖਿਆ ਬਲਾਂ ਦੀ ਸਖ਼ਤ ਨਿਗਰਾਨੀ ਹੇਠ ਜਾਂਚ ਏਜੰਸੀ ਦੇ ਅਧਿਕਾਰੀ ਮੰਤਰੀ ਦੇ ਘਰ ਅੰਦਰ ਦਸਤਾਵੇਜ਼ਾਂ ਨੂੰ ਖੰਗਾਲਣ ਵਿੱਚ ਜੁਟੇ ਹੋਏ ਹਨ। ਸੂਤਰਾਂ ਮੁਤਾਬਕ ਇਹ ਕਾਰਵਾਈ ਵਿੱਤੀ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਪੁਰਾਣੇ ਮਾਮਲਿਆਂ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਈਡੀ ਦੀਆਂ ਟੀਮਾਂ ਨੇ ਸਵੇਰੇ ਕਰੀਬ 6:30 ਵਜੇ ਅਰੋੜਾ ਦੀ ਰਿਹਾਇਸ਼, ਸਰਕਾਰੀ ਦਫ਼ਤਰਾਂ ਅਤੇ ਉਨ੍ਹਾਂ ਦੇ ਕਾਰੋਬਾਰੀ ਭਾਈਵਾਲਾਂ ਤੇ ਪਰਿਵਾਰਕ ਮੈਂਬਰਾਂ (ਜਿਸ ਵਿੱਚ ਉਨ੍ਹਾਂ ਦੀ ਬੇਟੀ ਵੀ ਸ਼ਾਮਲ ਹੈ) ਨਾਲ ਸਬੰਧਤ ਜਾਇਦਾਦਾਂ ਦੀ ਤਲਾਸ਼ੀ ਲਈ।
ਜਾਂਚ ਦਾ ਘੇਰਾ ਸਿਰਫ਼ ਲੁਧਿਆਣਾ ਤੱਕ ਸੀਮਤ ਨਹੀਂ ਹੈ, ਬਲਕਿ ਮੰਤਰੀ ਨਾਲ ਜੁੜੇ ਹੋਰਨਾਂ ਸ਼ਹਿਰਾਂ ਵਿਚਲੇ ਟਿਕਾਣਿਆਂ &rsquoਤੇ ਵੀ ਛਾਪੇਮਾਰੀ ਦੀਆਂ ਖ਼ਬਰਾਂ ਹਨ। ਈਡੀ ਦੀ ਟੀਮ ਮੁੱਖ ਤੌਰ &rsquoਤੇ ਵਿੱਤੀ ਲੈਣ-ਦੇਣ ਅਤੇ ਜਾਇਦਾਦਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਤਲਾਸ਼ੀ ਦੌਰਾਨ ਈਡੀ ਦੀ ਸਹਾਇਤਾ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਖ਼ਾਸ ਗੱਲ ਇਹ ਰਹੀ ਕਿ ਪੰਜਾਬ ਪੁਲੀਸ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ ਅਤੇ ਕੇਂਦਰੀ ਬਲ ਹੀ ਛਾਪੇਮਾਰੀ ਵਾਲੀਆਂ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਸੰਭਾਲ ਰਹੀਆਂ ਰਿਹਾ ਸੀ। ਈਡੀ ਨੇ ਅਜੇ ਤੱਕ ਜਾਂਚ ਦੀ ਪ੍ਰਕਿਰਤੀ ਜਾਂ ਮੰਤਰੀ ਵਿਰੁੱਧ ਲੱਗੇ ਦੋਸ਼ਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਅਰੋੜਾ ਨੇ 'ਟ੍ਰਿਬਿਊਨ ਸਮੂਹ ' ਨਾਲ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਛਾਪਿਆਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, "ਮੈਨੂੰ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ। ਟੀਮਾਂ ਮੇਰੇ ਸਾਰੇ ਟਿਕਾਣਿਆਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਮੌਜੂਦ ਹਨ।" ਉਨ੍ਹਾਂ ਅੱਗੇ ਕਿਹਾ ਕਿ ਇਸ ਪੜਾਅ 'ਤੇ ਉਨ੍ਹਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ। ਛਾਪੇਮਾਰੀ ਦੇ ਸਮੇਂ ਅਰੋੜਾ ਪੰਜਾਬ ਸਰਕਾਰ ਦੀ "ਇਨਵੈਸਟ ਪੰਜਾਬ" ਪਹਿਲਕਦਮੀ ਦੇ ਹਿੱਸੇ ਵਜੋਂ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਯੂਰਪ ਦੀ ਯਾਤਰਾ ਕਰ ਰਹੇ ਸਨ। ਸੂਬੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਮੁੱਖ ਮੰਤਰੀ ਵੀ ਜਲਦੀ ਹੀ ਇਸੇ ਪ੍ਰੋਗਰਾਮ ਦੇ ਸਬੰਧ ਵਿੱਚ ਵਿਦੇਸ਼ ਯਾਤਰਾ ਕਰਨ ਵਾਲੇ ਹਨ।
ਇਸ ਦੌਰਾਨ, ਈਡੀ ਦੀ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਜੀਵ ਅਰੋੜਾ ਨੇ ਟਵਿੱਟਰ 'ਤੇ ਲਿਖਿਆ- "ਸ਼ੁਭ ਸਵੇਰ! ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੇਰੇ ਟਿਕਾਣਿਆਂ 'ਤੇ ਕਾਰਵਾਈ ਕੀਤੀ ਗਈ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਏਜੰਸੀਆਂ ਦਾ ਪੂਰਾ ਸਹਿਯੋਗ ਕਰਾਂਗਾ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਸੱਚ ਦੀ ਜਿੱਤ ਹੋਵੇਗੀ।"