ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੇ ਸਤਿਕਾਰ ਦੀ ਰਾਖੀ ਲਈ ਲਿਆਂਦੇ ਬਿੱਲ ਦਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸਵਾਗਤ

ਲੁਧਿਆਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੇ ਸਤਿਕਾਰ ਦੀ ਰਾਖੀ ਲਈ ਲਿਆਂਦੇ ਸੋਧ ਬਿੱਲ 2026 ਦਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸਵਾਗਤ ਕੀਤਾ ਗਿਆ ਹੈ। ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ ਅਤੇ ਮੁੱਖ ਬੁਲਾਰਾ ਭਾਈ ਜਸਪਾਲ ਸਿੰਘ ਇਸਲਾਮਗੰਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਜਾਗਤ ਜੋਤਿ ਗੁਰੂ ਹਨ। ਗੁਰੂ ਸਾਹਿਬ ਦੀ ਮਰਿਆਦਾ ਤੇ ਸਤਿਕਾਰ ਦੀ ਰਾਖੀ ਲਈ ਲਿਆਂਦਾ ਗਿਆ ਹਰ ਕਾਨੂੰਨ ਸਵਾਗਤਯੋਗ ਹੈ। ਪਰ ਕਿਸੇ ਵੀ ਕਨੂੰਨ ਨੂੰ ਲਾਗੂ ਕਰਨ ਲਈ ਨੇਕ ਨੀਅਤ ਅਤੇ ਸੰਜੀਦਗੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਬੇਅਦਬੀਆਂ ਨੂੰ ਰੋਕਣ ਲਈ ਇਕ ਕਰੜੇ ਕਨੂੰਨ ਦੀ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ। ਕਿ ਬਿੱਲ ਵਿੱਚ ਸਜ਼ਾ ਤਾਂ ਲਿਖੀ ਗਈ ਹੈ, ਪਰ ਜਾਂਚ ਲਈ ਸਮਾਂ-ਸੀਮਾ ਤੈਅ ਨਹੀਂ। ਪਿਛਲੇ ਸਾਰੇ ਬੇਅਦਬੀ ਕਾਂਡਾਂ ਦੇ ਦੋਸ਼ੀ ਅੱਜ ਤੱਕ ਸਜ਼ਾ ਤੋਂ ਬਾਹਰ ਹਨ। ਨਿਆ ਕਰਤਾ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਓਨਾ ਦੀ ਰਾਖੀ ਲਈ ਹੁਕਮ ਦਿੱਦੇ ਹਨ। ਜੇ ਇਰਾਦਾ ਸਾਫ਼ ਹੁੰਦਾ ਤਾਂ ਫਾਸਟ-ਟ੍ਰੈਕ ਕੋਰਟ ਅਤੇ 6 ਮਹੀਨੇ ਵਿਚ ਫ਼ੈਸਲਾ ਲਾਜ਼ਮੀ ਕੀਤਾ ਜਾਂਦਾ। ਇਕੱਲੇ ਕਾਨੂੰਨ ਨਾਲ ਬੇਅਦਬੀਆ ਨਹੀਂ ਰੁਕਣੀਆ ਜਦ ਤੱਕ ਸਰਕਾਰ ਇਸ ਪ੍ਰਤੀ ਸੰਜੀਦਾ ਨਹੀਂ ਹੁੰਦੀ। ਕੰਮ ਕਰਨ ਵਾਲੀਆਂ ਏਜੰਸੀਆਂ ਅਤੇ ਸਬੰਧਿਤ ਇਲਾਕੇ ਦੇ ਜ਼ਿੰਮੇਵਾਰ ਅਫ਼ਸਰ ਸਾਹਿਬਾਨ ਨੂੰ ਜਵਾਬਦੇਹ ਬਣਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਸਰਕਾਰ ਬਿੱਲ ਨੂੰ ਪੰਥਕ ਜਥੇਬੰਦੀਆਂ ਨਾਲ ਵਿਚਾਰ ਕੇ ਸੋਧੇ, ਸਖ਼ਤ ਸਮਾਂ-ਬੱਧ ਜਾਂਚ, ਸੁਰੱਖਿਆ ਫੰਡ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਏ। ਉਨ੍ਹਾਂ ਇਹ ਵੀ ਕਿਹਾ ਕਿ ਨੇਕ ਨੀਅਤ ਤੋਂ ਬਿਨਾਂ ਇਹ ਬਿੱਲ ਅਧੂਰਾ ਹੈ।