ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਬਾਲਕੋਨੀ ਤੋਂ ਉਡਾਏ 1.5 ਕਰੋੜ ਰੁਪਏ, ਪੈਸੇ ਲੁੱਟਣ ਵਾਲਿਆਂ ਦੀ ਲੱਗੀ ਹੋੜ ਵੀਡੀਓ ਵਾਇਰਲ

ਨਵੀਂ ਦਿੱਲੀ। ਚੀਨ ਦੇ ਗੁਆਂਗਡੋਂਗ ਸੂਬੇ ਦੇ ਸ਼ਾਂਤਾਊ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਇੱਥੇ ਇੱਕ ਔਰਤ ਨੇ ਇੱਕ ਉੱਚੀ ਇਮਾਰਤ (ਹਾਈਰਾਈਜ਼ ਬਿਲਡਿੰਗ) ਤੋਂ ਕਰੋੜਾਂ ਰੁਪਏ ਦੇ ਨੋਟ ਉਡਾ ਦਿੱਤੇ। ਸਟੈਂਡਰਡਜ਼ ਦੀ ਰਿਪੋਰਟ ਅਨੁਸਾਰ, ਇਸ ਅਚਾਨਕ ਵਾਪਰੀ ਘਟਨਾ ਨਾਲ ਸੜਕਾਂ 'ਤੇ ਹਫੜਾ-ਦਫੜੀ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ ਕਿਉਂਕਿ ਡਿੱਗਦੇ ਹੋਏ ਨੋਟਾਂ ਨੂੰ ਲੁੱਟਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਹ ਘਟਨਾ ਲੋਂਗਹੂ ਜ਼ਿਲ੍ਹੇ ਦੇ ਸਟਾਰ ਲੇਕ ਸਿਟੀ ਰਿਹਾਇਸ਼ੀ ਕੰਪਲੈਕਸ ਵਿੱਚ ਸਵੇਰੇ ਕਰੀਬ 9 ਵਜੇ ਵਾਪਰੀ। ਰਿਪੋਰਟਾਂ ਮੁਤਾਬਕ, ਇੱਕ ਔਰਤ ਨੂੰ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਮੁੱਠੀਆਂ ਭਰ-ਭਰ ਕੇ 1,000 ਹਾਂਗਕਾਂਗ ਡਾਲਰ ਦੇ ਨੋਟ ਸੁੱਟਦੇ ਹੋਏ ਦੇਖਿਆ ਗਿਆ। ਜਿਵੇਂ ਹੀ ਪੈਸੇ ਜ਼ਮੀਨ 'ਤੇ ਡਿੱਗੇ, ਰਾਹਗੀਰ ਉਨ੍ਹਾਂ ਨੂੰ ਚੁੱਕਣ ਲਈ ਤੁਰੰਤ ਇਕੱਠੇ ਹੋ ਗਏ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਘਟਨਾ ਦੌਰਾਨ ਕਈ ਨੋਟ ਇਕੱਠੇ ਕਰਨ ਵਿੱਚ ਕਾਮਯਾਬ ਰਹੇ।  ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਇਹ ਘਟਨਾ ਸ਼ਾਇਦ ਪਤੀ-ਪਤਨੀ ਵਿਚਕਾਰ ਕਿਸੇ ਝਗੜੇ ਨਾਲ ਜੁੜੀ ਹੋ ਸਕਦੀ ਹੈ, ਜਿਸ ਦੌਰਾਨ ਔਰਤ ਨੇ ਕਥਿਤ ਤੌਰ 'ਤੇ ਖਿੜਕੀ ਰਾਹੀਂ ਪੈਸੇ ਬਾਹਰ ਸੁੱਟ ਦਿੱਤੇ।