ਕਾਰ ਬੰਬ ਧਮਾਕਾ ਕੇਸ: ਸੀਬੀਆਈ ਅਦਾਲਤ ਵੱਲੋਂ ਦਿਲੀਪ ਸਿੰਘ ਭਗੌੜਾ ਮੁਲਜ਼ਮ ਕਰਾਰ, ਗਵਾਹ ਦੀ ਸੁਰੱਖਿਆ ਲਈ ਹੁਕਮ ਜਾਰੀ

ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ ਵਿਚ ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਨਾਮਧਾਰੀ ਸੰਪਰਦਾ ਦੇ ਮੁਲਜ਼ਮ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜ਼ਮ ਐਲਾਨ ਦਿਤਾ ਹੈ।

ਅਦਾਲਤ ਵਲੋਂ ਪਿਛਲੇ ਦਿਨੀ ਅਖਬਾਰਾਂ ਰਾਹੀਂ ਉਸ ਨੂੰ 30 ਦਿਨਾਂ ਵਿਚ ਪੇਸ਼ ਹੋਣ ਦੀ ਮਿਆਦ ਦਿਤੀ ਗਈ ਸੀ, ਜੋ ਕਿ ਪੂਰੀ ਹੋ ਚੁੱਕੀ ਸੀ। ਇਸ ਦੇ ਬਾਵਜੂਦ ਦਿਲੀਪ ਸਿੰਘ ਪੇਸ਼ ਨਹੀਂ ਹੋਇਆ ਤੇ ਹੁਣ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਭਗੌੜਾ ਮੁਲਜ਼ਮ ਐਲਾਨਦਿਆਂ ਸਬੰਧਤ ਅਧਿਕਾਰੀਆਂ ਨੂੰ ਉਸ ਦਾ ਨਾਂ ਰਿਕਾਰਡ ਵਿਚ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ।

ਇਸ ਦੌਰਾਨ ਸਰਕਾਰੀ ਗਵਾਹ ਸੁਰਿੰਦਰ ਸਿੰਘ ਨੇ ਅਦਾਲਤ ਵਿਚ ਪੇਸ਼ ਹੋ ਕੇ ਇਕ ਅਰਜ਼ੀ ਦਾਇਰ ਕਰਦਿਆਂ ਉਸ ਦਾ ਘਰ ਮੁਲਜ਼ਮਾਂ ਦੇ ਘਰਾਂ ਦੇ ਨੇੜੇ ਹੈ ਅਤੇ ਉਸ ਨੂੰ ਜਾਨ ਦਾ ਖ਼ਤਰਾ ਹੈ। ਅਦਾਲਤ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਹੁਕਮ ਦਿਤਾ ਕਿ ਗਵਾਹ ਦੀ ਅਰਜ਼ੀ ਦੀ ਜਾਂਚ ਕਰ ਕੇ ਉਸ ਦੀ ਸੁਰੱਖਿਆ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ।