'ਅਸੀਂ ਕਿਸੇ ਵੀ ਹਾਲਾਤ ਵਿੱਚ ਇਰਾਨ ਤੋਂ ਯੂਰੇਨੀਅਮ ਲਵਾਂਗੇ'- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਇਰਾਨ ਦੇ ਯੂਰੇਨੀਅਮ ਬਾਰੇ ਆਪਣਾ ਦਾਅਵਾ ਉਠਾਇਆ ਹੈ। ਸ਼ਨੀਵਾਰ ਨੂੰ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਹਾਲਤ ਵਿਚ ਇਰਾਨ ਕੋਲੋਂ ਯੂਰੇਨੀਅਮ ਲੈ ਕੇ ਹਟੇਗਾ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬੁੱਧਵਾਰ ਤੱਕ ਇਰਾਨ ਨਾਲ ਕੋਈ ਵੱਡਾ ਸਮਝੌਤਾ ਨਹੀਂ ਹੁੰਦਾ, ਤਾਂ ਮੌਜੂਦਾ ਜੰਗਬੰਦੀ ਖ਼ਤਮ ਹੋ ਸਕਦੀ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਨਾਕਾਬੰਦੀ ਜਾਰੀ ਰਹੇਗੀ ਅਤੇ ਜੇਕਰ ਲੋੜ ਪਈ ਤਾਂ ਬੰਬਾਰੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅੱਗੇ ਵਧ ਰਹੀ ਹੈ। ਪਾਕਿਸਤਾਨ ਵਿੱਚ ਹਾਲੀਆ ਅਸਿੱਧੀ ਗੱਲਬਾਤ ਵੀ ਕੋਈ ਠੋਸ ਨਤੀਜੇ ਦੇਣ ਵਿੱਚ ਅਸਫਲ ਰਹੀ।

ਦੂਜੇ ਪਾਸੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਆਪਣੀ ਨਾਕਾਬੰਦੀ ਜਾਰੀ ਰੱਖਦਾ ਹੈ, ਤਾਂ ਹੋਰਮੁਜ਼ ਜਲਡਮਰੂ ਖੁੱਲ੍ਹਾ ਨਹੀਂ ਰਹੇਗਾ ਅਤੇ ਇਸ ਵਿੱਚੋਂ ਲੰਘਣ ਲਈ ਇਰਾਨ ਦੀ ਇਜਾਜ਼ਤ ਦੀ ਲੋੜ ਹੋਵੇਗੀ।