ਇਟਲੀ ਵਿੱਚ ਨਗਰ ਕੀਰਤਨ ਤੋਂ ਕੁਝ ਘੰਟੇ ਪਹਿਲਾਂ ਅਗਿਆਤ ਹਮਲਾਵਾਰਾਂ ਨੇ ਅੰਨੇਵਾਹ ਕੀਤੀ ਫਾਰਿੰਗ ਵਿੱਚ ਦੋ ਭਾਰਤੀ ਮੂਲ ਦੇ ਸਿੱਖਾਂ ਨੂੰ ਉਤਾਰਿਆ ਮੌਤ ਦੇ ਘਾਟ,ਖਾਲਸਾ ਪੰਥ ਨੂੰ ਸਜ ਰਿਹਾ ਨਗਰ ਕੀਰਤਨ ਪ੍ਰਸ਼ਾਸ਼ਨ ਵੱਲੋਂ ਰੱਦ

 ਰੋਮ/ ਬੈਰਗਾਮੋ 18 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਸਜਾਏ ਜਾ ਰਹੇ ਸਨ ਕਿ ਬੀਤੀ ਰਾਤ ਲੰਬਾਰਦੀਆਂ ਸੂਬੇ ਦੇ ਜਿਲ੍ਹਾ ਬੈਰਗਾਮੋ ਦੇ ਸ਼ਹਿਰ ਕੋਵੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਦੇ ਪ੍ਰਵੇਸ ਦੁਆਰਾ ਤੇ ਅਗਿਆਤ ਹਮਲਾਵਾਰਾਂ ਨੇ ਗੋਲੀਆਂ ਮਾਰ ਕੇ ਦੋ ਭਾਰਤੀ ਮੂਲ ਦੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨਾਲ ਕਿ ਪੂਰੀ ਇਟਲੀ ਵਿੱਚ ਭਾਰਤੀ ਭਾਈਚਾਰੇ ਵਿੱਚ ਮਾਤਮ ਛਾਅ ਗਿਆ ।ਮਿਲੀ ਜਾਣਕਾਾਰੀ ਅਨੁਸਾਰ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਕੋਵੋ(ਬੈਰਗਾਮੋ)ਦੀ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਜਾਉਣ ਜਾ ਰਹੀ ਸੀ ਜਿਸ ਦੀਆਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ ਕਿ ਨਗਰ ਕੀਰਤਨ ਤੋਂ 1 ਦਿਨ ਪਹਿਲਾਂ 17 ਅਪ੍ਰੈਲ ਭਾਵ ਬੀਤੀ ਰਾਤ ਨੂੰ ਜਦੋਂ ਕਿ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਆਪਣੇ ਘਰਾਂ ਨੂੰ ਜਾ ਰਹੀਆਂ ਸਨ ਕਿ ਕੁਝ ਅਗਿਆਤ ਹਮਲਾਵਾਰਾਂ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਦੋ ਸਿੱਖ ਹਰਜਿੰਦਰ ਸਿੰਘ ਰੰਮੀ (40)ਤੇ ਗੁਰਮੀਤ ਸਿੰਘ(40)( ਜਿਹੜੇ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਦੱਸੇ ਜਾ ਰਹੇ ਹਨ )ਉਪੱਰ ਅੰਨੇਵਾਹ ਗੋਲੀਵਾਰੀ ਕਰ ਦਿੱਤੀ ਜਿਸ ਕਾਰਨ ਇਹ ਦੋਨੋ ਸਿੰਘ ਗੰਭੀਰ ਜਖ਼ਮੀ ਹੋ ਗਏ ।ਘਟਨਾ ਦੀ ਜਾਣਕਾਰੀ ਮਿਲਦੇ ਹੀ ਬੇਸ਼ੱਕ ਇਟਾਲੀਅਨ ਪੁਲਸ ਹਰਕਤ ਵਿੱਚ ਆ ਗਈ ਪਰ ਉਦੋਂ ਤੱਕ ਹਮਲਾਵਾਰ ਭੱਜਣ ਵਿੱਚ ਕਾਮਯਾਬ ਹੋ ਗਏ ਜਦੋ ਕਿ ਜਖ਼ਮੀ ਦੋਨਾਂ ਵਿਅਕਤੀਆਂ ਨੂੰ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਘੋਸਿ਼ਤ ਕਰ ਦਿੱਤਾ।ਪੁਲਸ ਕੈਮਰਿਆਂ ਅਤੇ ਹੋਰ ਮੌਕੇ ਦੇ ਚਸ਼ਮਦੀਦ ਗਵਾਹਾਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਚ ਕਰ ਰਹੀ ਹੈ ਜਦੋਂ ਕਿ ਅੱਜ ਸਜਾਇਆ ਜਾਣ ਵਾਲਾ ਨਗਰ ਕੀਰਤਨ ਪ੍ਰਸ਼ਾਸ਼ਨ ਨੇ ਰੱਦ ਕਰ ਦਿੱਤਾ ਹੈ।ਇਸ ਘਟੀ ਘਟਨਾ ਦੇ ਅਸਲ ਕਾਰਨ ਕੀ ਹੋ ਸਕਦੇ ਹਨ ਪੁਲਿਸ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ ।