ਮਲੇਸ਼ੀਆ ਦੇ ਸਬਾਹ ਵਿੱਚ ਅੱਗ ਲੱਗਣ ਕਾਰਨ 1,000 ਘਰ ਸੜ ਕੇ ਸੁਆਹ ਹਜ਼ਾਰਾਂ ਲੋਕ ਬੇਘਰ

ਮਲੇਸ਼ੀਆ ਦੇ ਸਬਾਹ ਰਾਜ ਵਿੱਚ ਦੇ ਤੱਟਵਰਤੀ ਪਿੰਡ ਵਿੱਚ ਅੱਜ ਅੱਗ ਲੱਗ ਗਈ ਜਿਸ ਕਾਰਨ 1,000 ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਹੈ ਅਤੇ ਉਹ ਹੁਣ ਬੇਘਰ ਹੋ ਗਏ ਹਨ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਇਹ ਅੱਗ ਬੋਰਨੀਓ ਟਾਪੂ ਦੇ ਸਬਾਹ ਰਾਜ ਵਿੱਚ ਲੱਗੀ ਸੀ।
ਸਥਾਨਕ ਫਾਇਰ ਵਿਭਾਗ ਦੇ ਮੁਖੀ ਜਿਮੀ ਲਾਗੁੰਗ ਅਨੁਸਾਰ ਅਧਿਕਾਰੀਆਂ ਨੂੰ ਇਸ ਅੱਗ ਬਾਰੇ ਜਾਣਕਾਰੀ ਮਿਲੀ ਤੇ ਉਹ ਮੌਕੇ &rsquoਤੇ ਪੁੱਜੇ। ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਅਤੇ ਘਰਾਂ ਦੇ ਬਹੁਤ ਨੇੜੇ-ਨੇੜੇ ਹੋਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਇਸ ਤੋਂ ਇਲਾਵਾ ਸਮੁੰਦਰ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਅੱਗ ਬੁਝਾਉਣ ਲਈ ਪਾਣੀ ਨਾ ਮਿਲਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਹਾਦਸਾ ਸਬਾਹ ਦੇ ਇੱਕ &rsquoਵਾਟਰ ਵਿਲੇਜ&rsquo (ਪਾਣੀ ਉੱਤੇ ਵਸੇ ਪਿੰਡ) ਵਿੱਚ ਵਾਪਰਿਆ, ਜਿੱਥੇ ਲੱਕੜ ਦੇ ਬਣੇ ਘਰ ਖੰਭਿਆਂ ਦੇ ਸਹਾਰੇ ਖੜ੍ਹੇ ਹੁੰਦੇ ਹਨ। ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾਤਰ ਗਰੀਬ ਭਾਈਚਾਰੇ, ਆਦਿਵਾਸੀ ਅਤੇ ਬਿਨਾਂ ਨਾਗਰਿਕਤਾ ਵਾਲੇ ਲੋਕ ਰਹਿੰਦੇ ਹਨ। ਪੁਲੀਸ ਰਿਪੋਰਟਾਂ ਅਨੁਸਾਰ ਇਸ ਅੱਗ ਨਾਲ ਲਗਪਗ 9,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਪਰ ਚੰਗੀ ਗੱਲ ਇਹ ਰਹੀ ਕਿ ਹਾਲੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਹੈ ਕਿ ਕੇਂਦਰੀ ਸਰਕਾਰ ਸਬਾਹ ਦੀਆਂ ਸਥਾਨਕ ਅਥਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਪੀੜਤਾਂ ਨੂੰ ਜ਼ਰੂਰੀ ਸਹਾਇਤਾ ਅਤੇ ਰਹਿਣ ਲਈ ਆਰਜ਼ੀ ਥਾਂ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਭਰੋਸਾ ਦਿੱਤਾ ਕਿ ਇਸ ਸਮੇਂ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਤੁਰੰਤ ਮਦਦ ਪਹੁੰਚਾਉਣਾ ਹੈ।