ਕੈਨੇਡਾ ਵਿਚ ਸਿੱਖਾਂ ਵਿਰੁੱਧ ਨਫ਼ਰਤ ਦਾ ਹੜ੍ਹ: 80% ਭਾਈਚਾਰਾ ਅਸੁਰੱਖਿਅਤ, ਸਰਕਾਰ ਦੀ ਚੁੱਪ 'ਤੇ ਸਵਾਲ!

* ਨਫ਼ਰਤ ਦੀ ਮਾਰ ਹੇਠ ਸਿੱਖ, ਪਰ 70% ਪੀੜਤ ਰਿਪੋਰਟ ਕਰਨ ਤੋਂ ਡਰਦੇ ਨੇ
*ਵਰਲਡ ਸਿੱਖ ਆਰਗੇਨਾਜੇਸ਼ਨ ਦੀ ਪਹਿਲੀ 'ਐਂਟੀ-ਸਿੱਖ ਹੇਟ ਰਿਪੋਰਟ'
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ &ldquoUnderstanding and Addressing Anti-Sikh Hate&rdquo ਨੇ ਕੈਨੇਡਾ ਦੇ ਉਸ ਦਾਅਵੇ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜਿਸ ਵਿੱਚ ਉਹ ਆਪਣੇ-ਆਪ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਅਤੇ ਬਹੁ-ਸੱਭਿਆਚਾਰਕ ਦੇਸ਼ ਮੰਨਦਾ ਹੈ। ਇਹ ਰਿਪੋਰਟ ਮਹਿਜ਼ ਅੰਕੜਿਆਂ ਦਾ ਸੰਗ੍ਰਹਿ ਨਹੀਂ, ਸਗੋਂ ਕੈਨੇਡਾ ਵਿੱਚ ਵੱਸਦੇ ਲੱਖਾਂ ਸਿੱਖਾਂ ਦੇ ਉਸ ਦਰਦ ਅਤੇ ਅਸੁਰੱਖਿਆ ਦੀ ਦਾਸਤਾਨ ਹੈ, ਜਿਸ ਨੂੰ ਹੁਣ ਤੱਕ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ।
ਰਿਪੋਰਟ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ 10 ਵਿੱਚੋਂ 7 ਸਿੱਖ ਆਪਣੇ ਨਾਲ ਹੋਈ ਨਫ਼ਰਤ ਭਰੀ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਨਹੀਂ ਕਰਦੇ। ਇਹ ਅੰਕੜਾ ਕੈਨੇਡਾ ਦੇ ਕਾਨੂੰਨੀ ਸਿਸਟਮ ਅਤੇ ਪੁਲਿਸ ਪ੍ਰਸ਼ਾਸਨ ਲਈ ਇੱਕ ਸ਼ੀਸ਼ਾ ਹੈ। ਜਦੋਂ ਕਿਸੇ ਭਾਈਚਾਰੇ ਦਾ ਸਿਸਟਮ ਤੋਂ ਭਰੋਸਾ ਉੱਠ ਜਾਂਦਾ ਹੈ, ਤਾਂ ਉਹ ਨਫ਼ਰਤ ਨੂੰ ਆਪਣੀ 'ਕਿਸਮਤ' ਮੰਨ ਕੇ ਸਹਿਣ ਕਰਨ ਲੱਗ ਜਾਂਦਾ ਹੈ। ਪੀੜਤਾਂ ਵਿੱਚ ਇਹ ਡਰ ਕਿ ਰਿਪੋਰਟ ਕਰਨ ਨਾਲ ਉਹ ਹੋਰ ਮੁਸੀਬਤ ਵਿੱਚ ਫਸ ਜਾਣਗੇ ਜਾਂ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ, ਨਸਲਵਾਦੀ ਗੁੰਡੇ ਉਨ੍ਹਾਂ ਉਪਰ ਹਮਲਾਵਰ ਹੋਣਗੇ।ਇੱਕ ਤੰਦਰੁਸਤ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਹੈ।
ਵਰਲਡ ਸਿੱਖ ਆਰਗੇਨਾਜੇਸ਼ਨ ਦੇ ਪ੍ਰਧਾਨ ਦੈਨਿਸ਼ ਸਿੰਘ ਨੇ ਦੱਸਿਆ ਕਿ ਰਿਪੋਰਟਿੰਗ ਦੀ ਕਮੀ ਦੇ ਮੁੱਖ ਕਾਰਨ ਸਿਸਟਮ 'ਤੇ ਭਰੋਸੇ ਦੀ ਘਾਟ ਅਤੇ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਹਨ।11% ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੰਸਥਾਗਤ ਸਹਿਯੋਗ ਨਹੀਂ ਮਿਲੇਗਾ।8% ਲੋਕ ਲੰਬੀ ਕਾਰਵਾਈ ਤੋਂ ਡਰਦੇ ਹਨ।ਬਹੁਤ ਸਾਰੇ ਸਿੱਖ ਰੋਜ਼ਾਨਾ ਦੀਆਂ ਟਿੱਪਣੀਆਂ ਨੂੰ ਆਪਣੀ ਕਿਸਮਤ ਮੰਨ ਕੇ ਸਹਿ ਲੈਂਦੇ ਹਨ।ਦੈਨਿਸ਼ ਸਿੰਘ,ਦਾ ਕਹਿਣਾ ਹੈ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨ ਸਰਕਾਰ 'ਐਂਟੀ-ਸਿੱਖ ਹੇਟ' ਨੂੰ ਇੱਕ ਵੱਖਰੀ ਸ਼੍ਰੇਣੀ ਵਜੋਂ ਮਾਨਤਾ ਦੇਵੇ, ਜਿਵੇਂ ਇਸਲਾਮੋਫੋਬੀਆ ਲਈ ਕੀਤਾ ਗਿਆ ਸੀ।" -
ਰਿਪੋਰਟ ਨੇ ਬਹੁਤ ਹੀ ਬਾਰੀਕੀ ਨਾਲ ਨਫ਼ਰਤ ਦੇ ਤਿੰਨ ਮੁੱਖ ਸਰੋਤਾਂ ਦੀ ਪਛਾਣ ਕੀਤੀ ਹੈ। ਪਹਿਲਾ, ਸਥਾਨਕ ਨਸਲਵਾਦ, ਜੋ ਦਸਤਾਰ ਅਤੇ ਪਛਾਣ ਕਾਰਨ ਪੈਦਾ ਹੁੰਦਾ ਹੈ। ਦੂਜਾ, ਕੈਨੇਡਾ ਦੇ ਆਰਥਿਕ ਹਾਲਾਤ, ਜਿੱਥੇ ਮਹਿੰਗਾਈ ਅਤੇ ਘਰਾਂ ਦੀ ਕਿੱਲਤ ਦਾ ਗੁੱਸਾ ਸਿੱਖਾਂ 'ਤੇ ਕੱਢਿਆ ਜਾ ਰਿਹਾ ਹੈ ,ਕਿਉਂਕਿ ਉਹ ਦੂਰੋਂ ਪਛਾਣੇ ਜਾਂਦੇ ਹਨ। ਤੀਜਾ ਅਤੇ ਸਭ ਤੋਂ ਖ਼ਤਰਨਾਕ ਪਹਿਲੂ ਹੈ ਵਿਦੇਸ਼ੀ ਪ੍ਰਭਾਵ। ਭਾਰਤ ਤੋਂ ਸੋਸ਼ਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਫਿਰਕੂਆਂ ਵਲੋਂ ਨਫਰਤਅਤੇ ਸਿੱਖਾਂ ਨੂੰ 'ਅੱਤਵਾਦੀ' ਸਿੱਧ ਕਰਨ ਦੀ ਕੋਸ਼ਿਸ਼ ਨੇ ਕੈਨੇਡਾ ਦੀਆਂ ਸੜਕਾਂ 'ਤੇ ਸਿੱਖਾਂ ਲਈ ਖ਼ਤਰਾ ਵਧਾ ਦਿੱਤਾ ਹੈ।
ਇਹ ਰਿਪੋਰਟ ਦੱਸਦੀ ਹੈ ਕਿ ਨਫ਼ਰਤ ਸਿਰਫ਼ ਸਰੀਰਕ ਹਿੰਸਾ ਤੱਕ ਸੀਮਤ ਨਹੀਂ ਹੈ, ਸਗੋਂ ਇਹ 'ਸਿਸਟਮੈਟਿਕ' (ਪ੍ਰਣਾਲੀਗਤ) ਰੂਪ ਧਾਰਨ ਕਰ ਚੁੱਕੀ ਹੈ। ਨੌਕਰੀਆਂ ਵਿੱਚ ਵਿਤਕਰਾ, ਕਿਰਾਏ ਦੇ ਮਕਾਨਾਂ ਵਿੱਚ ਦਿੱਕਤ ਅਤੇ ਸਕੂਲ-ਕਾਲਜਾਂ ਵਿੱਚ ਭੈੜੀਆਂ ਟਿੱਪਣੀਆਂ ਰੋਜ਼ਾਨਾ ਦਾ ਹਿੱਸਾ ਬਣ ਗਈਆਂ ਹਨ। ਖਾਸ ਕਰਕੇ ਸਿੱਖ ਔਰਤਾਂ (97% ਪੀੜਤ ਦਰ) ਅਤੇ ਨੌਜਵਾਨ ਵਿਦਿਆਰਥੀਆਂ ਦਾ ਮਨੋਬਲ ਇਸ ਨਫ਼ਰਤ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਵਰਲਡ ਸਿੱਖ ਆਰਗੇਨਾਜੇਸ਼ਨ ਦੀ ਇਹ ਰਿਪੋਰਟ ਕੈਨੇਡੀਅਨ ਸਰਕਾਰ ਲਈ ਇੱਕ 'ਚੇਤਾਵਨੀ' ਹੈ। ਹੁਣ ਵਕਤ ਆ ਗਿਆ ਹੈ ਕਿ ਸਰਕਾਰ 'ਨਸਲਵਾਦ' ਦੇ ਆਮ ਸ਼ਬਦ ਤੋਂ ਅੱਗੇ ਵਧ ਕੇ 'ਐਂਟੀ-ਸਿੱਖ ਹੇਟ' ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਵਜੋਂ ਮਾਨਤਾ ਦੇਵੇ।ਪੁਲਿਸ ਅਤੇ ਸਰਕਾਰੀ ਅਦਾਰਿਆਂ ਨੂੰ ਸਿੱਖ ਪਛਾਣ ਅਤੇ ਸੱਭਿਆਚਾਰ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਪੀੜਤ ਸ਼ਿਕਾਇਤ ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ।ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ ਜਾਣਕਾਰੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ।
ਵਰਲਡ ਸਿਖ ਆਰਗੇਨਾਈਜੇਸ਼ਨ ਦੀ ਰਿਪੋਰਟ ਦਾ ਮਹੱਤਵ
ਵਰਲਡ ਸਿਖ ਆਰਗੇਨਾਈਜੇਸ਼ਨ ਨੇ ਇਸ ਰਿਪੋਰਟ ਨੂੰ ਸਿਰਫ਼ ਅੰਦਾਜ਼ਿਆਂ 'ਤੇ ਨਹੀਂ, ਸਗੋਂ "ਡਾਟਾ-ਡਰਿਵਨ" ਪਹੁੰਚ ਨਾਲ ਤਿਆਰ ਕੀਤਾ ਹੈ:1 ਜਨਵਰੀ ਤੋਂ 1 ਮਾਰਚ 2025 ਦੇ ਵਿਚਕਾਰ, ਕੈਨੇਡਾ ਭਰ ਦੇ 1,600 ਤੋਂ ਵੱਧ ਸਿੱਖਾਂ ਦਾ ਸਰਵੇਖਣ ਕੀਤਾ ਗਿਆ। ਇਹ ਕੈਨੇਡਾ ਦੇ ਇਤਿਹਾਸ ਵਿੱਚ ਸਿੱਖਾਂ ਬਾਰੇ ਕੀਤਾ ਗਿਆ ਸਭ ਤੋਂ ਵੱਡਾ ਡਾਟਾ ਸਰਵੇਖਣ ਹੈ।
ਡਾਟਾ ਇਕੱਠਾ ਕਰਨ ਲਈ ਸਿਰਫ਼ ਆਨਲਾਈਨ ਫਾਰਮ ਨਹੀਂ ਭਰੇ ਗਏ, ਸਗੋਂ ਵੱਖ-ਵੱਖ ਸ਼ਹਿਰਾਂ ਵਿੱਚ ਟਾਊਨ ਹਾਲ ਮੀਟਿੰਗਾਂ ਕੀਤੀਆਂ ਗਈਆਂ। ਇੱਥੇ ਲੋਕਾਂ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ, ਜਿਸ ਨਾਲ ਰਿਪੋਰਟ ਵਿੱਚ "ਭਾਵਨਾਤਮਕ ਅਤੇ ਅਸਲ ਪੱਖ" ਵੀ ਸ਼ਾਮਲ ਹੋਇਆ।
ਇਸ ਪ੍ਰੋਜੈਕਟ ਲਈ ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨ ਤੋਂ ਫੰਡਿੰਗ ਲਈ ਗਈ, ਜੋ ਇਸ ਰਿਪੋਰਟ ਦੀ ਨਿਰਪੱਖਤਾ ਅਤੇ ਮਿਆਰ ਨੂੰ ਸਰਕਾਰੀ ਪੱਧਰ 'ਤੇ ਮਾਨਤਾ ਦਿਵਾਉਣ ਵਿੱਚ ਮਦਦ ਕਰਦੀ ਹੈ।
ਵਰਲਡ ਸਿਖ ਆਰਗੇਨਾਈਜੇਸ਼ਨ ਨੇ ਮਹਿਸੂਸ ਕੀਤਾ ਕਿ ਸਰਕਾਰੀ ਏਜੰਸੀਆਂ (ਜਿਵੇਂ ਸਟੈਟਟਿਕਸ ਕੈਨੇਡਾ) ਸਿੱਖਾਂ ਨੂੰ ਅਲੱਗ ਸ਼੍ਰੇਣੀ ਵਿੱਚ ਨਹੀਂ ਰੱਖਦੀਆਂ। ਇਸ ਲਈ ਵਰਲਡ ਸਿਖ ਆਰਗੇਨਾਈਜੇਸ਼ਨ ਨੇ ਖੁਦ ਅੱਗੇ ਵਧ ਕੇ ਸਿਰਫ਼ ਸਿੱਖਾਂ 'ਤੇ ਕੇਂਦਰਿਤ ਡਾਟਾ ਇਕੱਠਾ ਕੀਤਾ ਤਾਂ ਜੋ ਸਿੱਖ-ਵਿਰੋਧੀ ਨਫ਼ਰਤ ਦੇ ਖਾਸ ਸੁਭਾਅ ਨੂੰ ਸਮਝਿਆ ਜਾ ਸਕੇ।
ਇਸ ਰਿਪੋਰਟ ਦੇ ਮੁੱਖ ਫਾਇਦੇ ਕੀ ਹੋਣਗੇ?
ਇਹ ਰਿਪੋਰਟ ਆਉਣ ਵਾਲੇ ਸਮੇਂ ਵਿੱਚ ਸਿੱਖ ਭਾਈਚਾਰੇ ਲਈ ਇੱਕ 'ਢਾਲ' ਦਾ ਕੰਮ ਕਰੇਗੀ।ਹੁਣ ਤੱਕ ਸਿੱਖ ਕਹਿੰਦੇ ਸਨ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ, ਪਰ ਸਰਕਾਰ 'ਸਬੂਤ' ਮੰਗਦੀ ਸੀ। ਹੁਣ ਵਰਲਡ ਸਿਖ ਆਰਗੇਨਾਈਜੇਸ਼ਨ ਕੋਲ 1,600+ ਸਬੂਤ ਹਨ। ਇਸ ਨਾਲ ਸਰਕਾਰ ਨੂੰ 'ਐਂਟੀ-ਸਿੱਖ ਹੇਟ' ਨੂੰ ਇੱਕ ਵੱਖਰੀ ਅਤੇ ਗੰਭੀਰ ਸ਼੍ਰੇਣੀ ਵਜੋਂ ਮਾਨਤਾ ਦੇਣ ਲਈ ਮਜਬੂਰ ਕੀਤਾ ਜਾ ਸਕੇਗਾ।
ਰਿਪੋਰਟ ਵਿੱਚ ਸਾਹਮਣੇ ਆਇਆ ਕਿ ਲੋਕ ਪੁਲਿਸ ਕੋਲ ਨਹੀਂ ਜਾਂਦੇ। ਇਹ ਅੰਕੜਾ ਪੁਲਿਸ ਵਿਭਾਗਾਂ ਨੂੰ ਆਪਣੀ ਕਾਰਜ ਪ੍ਰਣਾਲੀ ਸੁਧਾਰਨ, ਸਿੱਖ ਕਮਿਊਨਿਟੀ ਲਾਇਜ਼ਨ ਅਫਸਰ ਨਿਯੁਕਤ ਕਰਨ ਅਤੇ ਰਿਪੋਰਟਿੰਗ ਸਿਸਟਮ ਨੂੰ ਸੌਖਾ ਬਣਾਉਣ ਲਈ ਮਜਬੂਰ ਕਰੇਗਾ।
ਭਾਰਤੀ ਫਿਰਕੂਆਂ ਦੇ ਪ੍ਰਚਾਰ ਕਾਰਨ ਸਿੱਖਾਂ ਵਿਰੁੱਧ ਜੋ ਨਕਾਰਾਤਮਕ ਬਿਰਤਾਂਤ ਬਣਾਇਆ ਗਿਆ ਹੈ, ਇਹ ਰਿਪੋਰਟ ਉਸ ਨੂੰ ਕੱਟਣ ਵਿੱਚ ਮਦਦ ਕਰੇਗੀ। ਇਹ ਸਾਬਤ ਕਰਦੀ ਹੈ ਕਿ ਸਿੱਖ 'ਹਮਲਾਵਰ' ਨਹੀਂ, ਸਗੋਂ 'ਪੀੜਤ' ਹਨ। ਇਸ ਨੂੰ ਕੈਨੇਡੀਅਨ ਸੰਸਦ ਅਤੇ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਇਸ ਰਿਪੋਰਟ ਨੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਜਿਸ 'ਨਫ਼ਰਤ' ਨੂੰ ਉਹ ਰੋਜ਼ਾਨਾ ਦੀ ਆਦਤ ਮੰਨ ਕੇ ਸਹਿ ਰਹੇ ਸਨ, ਉਹ ਅਸਲ ਵਿੱਚ ਇੱਕ ਅਪਰਾਧ ਹੈ। ਇਹ ਲੋਕਾਂ ਨੂੰ ਚੁੱਪੀ ਤੋੜਨ ਅਤੇ ਘਟਨਾਵਾਂ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੇਗੀ।
ਜਦੋਂ ਕੋਈ ਸਮੱਸਿਆ ਅੰਕੜਿਆਂ ਵਿੱਚ ਦਰਜ ਹੋ ਜਾਂਦੀ ਹੈ, ਤਾਂ ਉਸ ਦੇ ਹੱਲ ਲਈ ਫੰਡਿੰਗ ਲੈਣੀ ਸੌਖੀ ਹੋ ਜਾਂਦੀ ਹੈ। ਹੁਣ ਸਿੱਖ ਸੰਸਥਾਵਾਂ ਸਰਕਾਰ ਤੋਂ ਐਂਟੀ-ਰੇਸਿਜ਼ਮ ਪ੍ਰੋਗਰਾਮਾਂ ਅਤੇ ਸਿੱਖ ਸੁਰੱਖਿਆ ਲਈ ਵਿਸ਼ੇਸ਼ ਬਜਟ ਦੀ ਮੰਗ ਕਰ ਸਕਣਗੀਆਂ।
ਵਰਲਡ ਸਿਖ ਆਰਗੇਨਾਈਜੇਸ਼ਨ ਨੇ ਇਹ ਰਿਪੋਰਟ ਜਾਰੀ ਕਰਕੇ ਸਿੱਖਾਂ ਦੀ ਲੜਾਈ ਨੂੰ 'ਜਜ਼ਬਾਤੀ' ਪੱਧਰ ਤੋਂ ਚੁੱਕ ਕੇ 'ਬੌਧਿਕ ਅਤੇ ਕਾਨੂੰਨੀ' ਪੱਧਰ 'ਤੇ ਲਿਆਂਦਾ ਹੈ। ਇਹ ਕੈਨੇਡਾ ਵਿੱਚ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।ਕੈਨੇਡਾ ਦੀ ਤਰੱਕੀ ਵਿੱਚ ਸਿੱਖਾਂ ਦੀ ਸਖ਼ਤ ਮਿਹਨਤ ਸ਼ਾਮਲ ਹੈ। ਜੇਕਰ ਦੇਸ਼ ਦਾ ਸਭ ਤੋਂ ਮਿਹਨਤੀ ਅਤੇ ਸ਼ਾਂਤੀਪਸੰਦ ਭਾਈਚਾਰਾ ਅਸੁਰੱਖਿਆ ਦੇ ਪਰਛਾਵੇਂ ਹੇਠ ਜੀਵੇਗਾ, ਤਾਂ ਕੈਨੇਡਾ ਦਾ "ਸਭ ਦਾ ਸਤਿਕਾਰ" ਵਾਲਾ ਮਾਡਲ ਫੇਲ੍ਹ ਮੰਨਿਆ ਜਾਵੇਗਾ। ਸਿੱਖ ਭਾਈਚਾਰੇ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਛੋਟੀ-ਵੱਡੀ ਘਟਨਾ ਨੂੰ ਰਿਪੋਰਟ ਕਰਨ, ਕਿਉਂਕਿ ਚੁੱਪ ਰਹਿਣਾ ਨਫ਼ਰਤ ਕਰਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਕਰਦਾ ਹੈ।