ਬਰਤਾਨੀਆ: ਸਿੱਖ ਮਹਿਲਾ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਨੇ ਆਪਣਾ ਗੁਨਾਹ ਕਬੂਲਿਆ

ਬਰਮਿੰਘਮ ਕਰਾਊਨ ਕੋਰਟ ਵਿੱਚ 32 ਸਾਲਾ ਬਰਤਾਨਵੀ ਨਾਗਰਿਕ ਜੌਨ ਐਸ਼ਬੀ ਨੇ ਇੱਕ ਸਿੱਖ ਮਹਿਲਾ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ-ਜਨਾਹ ਕਰਨ ਦਾ ਗੁਨਾਹ ਕਬੂਲ ਲਿਆ ਹੈ। ਇਹ ਘਟਨਾ ਪਿਛਲੇ ਸਾਲ ਅਕਤੂਬਰ ਵਿੱਚ ਵਾਲਸਾਲ (Walsall) ਇਲਾਕੇ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ ਪੂਰੇ ਵੈਸਟ ਮਿਡਲੈਂਡਜ਼ ਭਾਈਚਾਰੇ ਵਿੱਚ ਡਰ ਅਤੇ ਗੁੱਸੇ ਦੀ ਲਹਿਰ ਫੈਲ ਗਈ ਸੀ। ਮੁਲਜ਼ਮ ਨੇ ਪਹਿਲਾਂ ਜਿਨਸੀ ਸ਼ੋਸ਼ਣ, ਗਲਾ ਘੁੱਟਣ ਅਤੇ ਲੁੱਟ-ਖੋਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਮੁਕੱਦਮਾ ਸ਼ੁਰੂ ਹੁੰਦੇ ਹੀ ਉਸ ਨੇ ਆਪਣਾ ਜੁਰਮ ਮੰਨ ਲਿਆ।
ਅਦਾਲਤ ਵਿੱਚ ਦੱਸਿਆ ਗਿਆ ਕਿ 25 ਅਕਤੂਬਰ ਦੀ ਸ਼ਾਮ ਨੂੰ ਮੁਲਜ਼ਮ ਨੇ ਪੀੜਤ ਮਹਿਲਾ ਦਾ ਬੱਸ ਸਟਾਪ ਤੋਂ ਪਿੱਛਾ ਕੀਤਾ ਅਤੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਸ਼ਬੀ ਨੇ ਮਹਿਲਾ ਵਿਰੁੱਧ ਇਸਲਾਮ-ਵਿਰੋਧੀ (anti-Muslim) ਭੱਦੀ ਸ਼ਬਦਾਵਲੀ ਵਰਤੀ ਕਿਉਂਕਿ ਉਸ ਨੂੰ ਗਲਤਫ਼ਹਿਮੀ ਸੀ ਕਿ ਮਹਿਲਾ ਮੁਸਲਿਮ ਧਰਮ ਨਾਲ ਸਬੰਧਤ ਹੈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੇਖਿਆ ਗਿਆ ਕਿ ਉਹ ਉਸੇ ਬੱਸ ਵਿੱਚ ਸਵਾਰ ਸੀ ਜਿਸ ਵਿੱਚ ਮਹਿਲਾ ਸਫਰ ਕਰ ਰਹੀ ਸੀ। ਇਸ ਤੋਂ ਬਾਅਦ ਜਦੋਂ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਤਾਂ ਐਸ਼ਬੀ ਘਬਰਾ ਗਿਆ ਅਤੇ ਮਹਿਲਾ ਦੇ ਗਹਿਣੇ ਤੇ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਿਆ।