ਭਾਰਤੀ ਕੌਸਲੇਟ ਮਿਲਾਨ ਦੁਆਰਾ ਭਾਰਤੀ ਭਾਈਚਾਰੇ ਲਈ ਤੇਜ ਤਰਾਰ-ਸੇਵਾਵਾਂ ਅਤੇ ਵਿਸ਼ੇਸ਼ ਕੈਪਾਂ ਦਾ ਐਲਾਨ

ਮਿਲਾਨ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਮਿਲਾਨ ਸਥਿੱਤ ਭਾਰਤੀ ਕੌਸਲੇਟ ਨੇ ਕਈ ਵੱਡੇ ਅਤੇ ਅਹਿਮ ਸੁਧਾਰਾਂ ਦਾ ਐਲਾਨ ਕੀਤਾ ਹੈ।ਕੌਸਲੇਟ ਅਧਿਕਾਰੀਆਂ ਨੇ ਕਿਹਾ ਕਿ ਉਹ ਕੌਸਲੇਟ ਨੂੰ ਇਕ "ਸੇਵਾ ਸਥਲ" ਵੱਜੋਂ ਦੇਖਦੇ ਹਨ,ਜਿਸਦਾ ਮਕਸਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਹੈ।ਇਸ ਸਬੰਧ ਵਿੱਚ ਬੀਤੇ ਦਿਨ ਕੌਸਲੇਟ ਦਫਤਰ ਵਿਖੇ ਕੌਸਲੇਟ ਜਨਰਲ ਸ਼੍ਰੀ ਲਵੱਨਿਆ ਕੁਮਾਰ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਜਾਣਕਾਰੀ ਦਿੱਤੀ ਗਈ।ਉਨਾਂ ਦੱਸਿਆ ਕਿ ਕੌਸਲੇਟ ਦੁਆਰਾ ਤੁਰੰਤ ਪਾਸਪੋਰਟ ਰਿਨਿਉ ਕਰਨ ਲਈ ਫਾਸਟ ਟ੍ਰੈਕ ਸੇਵਾ ਸ਼ੁਰੂ ਕਰਕੇ ਐਮਰਜੈਂਸੀ ਸੂਰਤ ਵਿੱਚ ਤੁਰੰਤ ਅਪੋਆਇਟਮੈਂਟ ਸਰਵਿਸ ਸ਼ੁਰੂ ਕੀਤੀ ਗਈ ਹੈ।ਇਸੇ ਪ੍ਰਕਾਰ ਪਾਸਪੋਰਟ ਸਰੰਡਰ,ਪਾਵਰ ਆਫ ਅਟਰਾਨੀ ਅਤੇ ਅਟੈਸਟੇਸ਼ਨ ਵਰਗੇ ਕੰਮਾਂ ਲਈ "ਸੇਮ ਡੇਅ ਪ੍ਰੋਸੈੱਸ" ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।ਸ਼੍ਰੀ ਲਵੱਨਿਆ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਜਲਦੀ ਹੀ ਇਕ ਨਵੀਂ ਵੈੱਬਸਾਇਟ ਵੀ ਲਾਂਚ ਕੀਤੀ ਜਾਵੇਗੀ ਜਿਸ ਵਿੱਚ ਵੱਖ ਵੱਖ ਸਰਟੀਫਿਕੇਟ ਮਿਲਣਗੇ।ਉਨਾਂ ਦੱਸਿਆ ਕਿ ਪਾਸਪੋਰਟ ਨਾਲ਼ ਸਬੰਧਿਤ ਕਾਰਜਾਂ ਵਿੱਚ ਤੇਜੀ ਲਈ ਹੁਣ ਕੌਸਲੇਟ ਦਫਤਰ ਵਿਖੇ ਹਰੇਕ ਮਹੀਨੇ ਪਾਸਪੋਰਟ ਕੈਂਪ ਲਗਾਇਆ ਜਾਂਦਾ ਹੈ।ਜਿਸ ਤਹਿਤ
ਪਾਸਪੋਰਟ ਅਰਜੀਆਂ ਲਈ ਹੁਣ ਅਗਲਾ ਕੈਂਪ ਮਿਲਾਨ ਵਿਖੇ 9 ਮਈ ਨੂੰ ਲਗਾਇਆ ਜਾਵੇਗਾ।ਇਟਲੀ ਵਿੱਚ ਪੜਾਈ ਕਰਨ ਲਈ ਆ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਕੈਰੀਅਰ ਕੌਸਲਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ,ਜਿੱਥੇ ਵੱਡੀਆਂ ਕੰਪਨੀਆਂ ਨਾਲ਼ ਮਿਲ ਕੇ ਉਨਾਂ ਨੂੰ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਸ਼੍ਰੀ ਲਵੱਨਿਆ ਕੁਮਾਰ ਨੇ ਅੱਗੇ ਦੱਸਿਆ ਕਿ ਲੋਕਾਂ ਨਾਲ਼ ਰਾਬਤਾ ਬਣਾਉਣ ਲਈ ਕੌਸਲੇਟ ਅਧਿਕਾਰੀਆਂ ਦੁਆਰਾ ਇਟਲੀ ਚ ਭਾਰਤੀ ਧਾਰਮਿਕ ਸਥਾਨਾਂ ਮੰਦਿਰਾਂ ਗੁਰਦਆਰਿਆਂ ਵਿੱਚ ਜਾ ਕੇ ਭਾਈਚਾਰੇ ਨਾਲ਼ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ।ਕੌਸਲੇਟ ਜਨਰਲ ਸ਼੍ਰੀ ਲਵੱਨਿਆ ਕੁਮਾਰ ਨੇ ਲੋਕਾਂ ਤੋਂ ਵਿਸ਼ੇਸ਼ ਸਹਿਯੋਗ ਦੀ ਵੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਨਾਂ /ਸਰਨੇਮ ਸਬੰਧੀ ਬਹੁਤ ਸਾਰੇ ਕੇਸ ਕੌਸਲੇਟ ਦਫਤਰ ਆ ਰਹੇ ਹਨ ਇਸ ਲਈ ਭਾਰਤ ਸਰਕਾਰ ਦੀ ਨਵੀਂ ਅਡਵਾਈਜਰੀ ਮੁਤਾਬਿਕ ਵਿਦੇਸ਼ ਆਉਣ ਵਾਲੇ ਨਾਗਰਿਕ ਆਪਣੇ ਪਾਸਪੋਰਟ ਤੇ ਨੇਮ ਸਰਨੇਮ ਭਾਰਤ ਵਿਖੇ ਕਰਵਾ ਕੇ ਆਉਣ।ਸ਼੍ਰੀ ਲਵੱਨਿਆ ਕੁਮਾਰ ਨੇ ਇਹ ਵੀ ਦੱਸਿਆ ਕਿ ਬੇਲੋੜੀ ਪ੍ਰੇਸ਼ਾਨੀ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਕੌਸਲੇਟ ਵਿਖੇ ਆਉਣ ਵਾਲੇ ਸਾਰੇ ਭਾਰਤੀ ਨਾਗਿਰਕ ਅਪੋਆਇਟਮੈਂਟ ਲੈ ਕੇ ਹੀ ਕੌਸਲੇਟ ਆਉਣ ਅਤੇ ਘੱਟੋ ਘੱਟ ਤਿੰਨ ਦਿਨ ਪਹਿਲਾ ਬੈਂਕ ਦੀ ਫੀਸ ਉਤਾਰ ਦਿੱਤੀ ਜਾਵੇ ।