ਪੰਜਾਬ ਦੀਆਂ ਧੀਆਂ ਨੇ Germany ਵਿੱਚ ਗੱਡੇ ਝੰਡੇ: ਦੋ ਸਕੀਆਂ ਭੈਣਾਂ ਨੇ ਜਿੱਤੀਆਂ ਚੋਣਾਂ

ਹਰਪ੍ਰੀਤ ਕੌਰ ਸੰਧੂ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਦੋਵਾਂ ਭੈਣਾਂ ਦੀ ਇੱਕ ਤਸਵੀਰ, ਜਿਸ ਵਿੱਚ ਉਨ੍ਹਾਂ ਨੇ ਵੋਟਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਟਾਂਡਾ ਨੇੜਲੇ ਪਿੰਡ ਰਾੜਾ ਦੀਆਂ ਦੋ ਸਕੀਆਂ ਭੈਣਾਂ, ਹਰਪ੍ਰੀਤ ਕੌਰ ਸੰਧੂ ਅਤੇ ਕਮਲਪ੍ਰੀਤ ਕੌਰ ਨੇ ਜਰਮਨੀ ਵਿੱਚ ਸਥਾਨਕ ਚੋਣਾਂ ਜਿੱਤ ਕੇ ਆਪਣੇ ਜੱਦੀ ਇਲਾਕੇ ਦਾ ਮਾਣ ਵਧਾਇਆ ਹੈ। ਵੱਡੀ ਭੈਣ ਹਰਪ੍ਰੀਤ ਕੌਰ ਸੰਧੂ ਲਗਾਤਾਰ ਦੂਜੀ ਵਾਰ ਵਿਦੇਸ਼ੀ ਸਲਾਹਕਾਰ ਕੌਂਸਲ ਅਤੇ ਸਿਟੀ ਪਾਰਲੀਮੈਂਟ ਦੀ ਮੈਂਬਰ ਚੁਣੀ ਗਈ ਹੈ। ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੇ ਸਮਰਥਕਾਂ ਦੇ ਭਰੋਸੇ ਅਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰੇ ਲੋਕਾਂ ਦੀ ਹੈ ਜਿਨ੍ਹਾਂ ਨੇ ਉਨ੍ਹਾਂ ਵਿੱਚ ਵਿਸ਼ਵਾਸ ਜਤਾਇਆ।

ਉਨ੍ਹਾਂ ਨੇ ਅਗਲੇ ਪੰਜ ਸਾਲਾਂ ਦੌਰਾਨ ਜਨਤਕ ਉਮੀਦਾਂ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਵਚਨਬੱਧਤਾ ਵੀ ਦੁਹਰਾਈ। ਪਿੰਡ ਰਾੜਾ ਵਿੱਚ ਇਸ ਪ੍ਰਾਪਤੀ ਨੂੰ ਲੈ ਕੇ ਰਿਸ਼ਤੇਦਾਰਾਂ ਵਿੱਚ ਭਾਰੀ ਉਤਸ਼ਾਹ ਹੈ। ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਸੰਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਪਰਿਵਾਰਕ ਮੈਂਬਰਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਪੂਰੇ ਭਾਈਚਾਰੇ ਦਾ ਮਾਣ ਵਧਾਉਂਦੀਆਂ ਹਨ।