ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੱਗੀ ਜੌਹਲ ਭਾਰਤੀ ਜੇਲ੍ਹ ਵਿੱਚ 'ਮਾਨਸਿਕ ਤਸੀਹੇ' ਸਹਿ ਰਿਹਾ ਹੈ

 ਗਲਾਸਗੋ, (ਹਰਜੀਤ  ਦੁਸਾਂਝ ਪੁਆਦੜਾ) - ਸੰਯੁਕਤ ਰਾਸ਼ਟਰ ਦੇ ਮਾਹਰਾਂ ਦੇ ਅਨੁਸਾਰ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਜਿਸਨੂੰ ਭਾਰਤ ਵਿੱਚ ਅੱਠ ਸਾਲ ਤੋਂ ਜੇਲ੍ਹ ਵਿੱਚ ਮਨਮਾਨੇ ਢੰਗ ਨਾਲ ਨਜ਼ਰਬੰਦ ਰੱਖਿਆ ਜਾ ਰਿਹਾ ਹੈ, ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਸਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਜੌਹਲ ਦੀ ਲਗਾਤਾਰ ਨਜ਼ਰਬੰਦੀ ਦਾ ਕੋਈ ਤਰਕ ਨਹੀਂ ਹੈ, ਅਤੇ ਇਹ ਮਾਮਲਾ ਨਿਆਂ ਦੀ ਡੂੰਘੀ ਦੁਰਵਰਤੋਂ ਨੂੰ ਦਰਸਾਉਂਦਾ ਹੈ।

           ਪਿਛਲੇ ਸਾਲ ਇੱਕ ਅਜਿਹੇ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ ਜਿਸ ਵਿੱਚ ਉਸ 'ਤੇ ਇੱਕ ਅੱਤਵਾਦੀ ਸਮੂਹ ਨੂੰ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ ਗਿਆ ਸੀ, ਪਰ ਉਹ ਅਜੇ ਵੀ ਭਾਰਤੀ ਅਧਿਕਾਰੀਆਂ ਦੁਆਰਾ ਸੰਘੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
          ਸੰਯੁਕਤ ਰਾਸ਼ਟਰ ਦੇ 10 ਮਾਹਰਾਂ ਨੇ ਹੁਣ ਇੱਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਨੂੰ ਬਾਕੀ ਰਹਿੰਦੇ ਦੋਸ਼ਾਂ ਨੂੰ ਵਾਪਸ ਲੈਣ ਅਤੇ ਸ੍ਰੀ ਜੌਹਲ ਨੂੰ ਬਿਨਾਂ ਦੇਰੀ ਕੀਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਮੁਕੱਦਮੇ ਦੀ ਸਪੱਸ਼ਟਤਾ ਦੇ ਬਿਨਾਂ ਹੀ ਸਾਢੇ ਅੱਠ ਸਾਲ ਮਨਮਾਨੀ ਨਾਲ ਹਿਰਾਸਤ ਵਿੱਚ ਹੈ ਅਤੇ ਇਹ ਗੈਰ-ਕਾਨੂੰਨੀ ਹੈ।
         ਭਾਰਤੀ ਅਧਿਕਾਰੀਆਂ ਨੇ ਤਸ਼ੱਦਦ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ ਅਤੇ ਵਾਰ-ਵਾਰ ਕਿਹਾ ਹੈ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ।
ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਨਵੇਂ ਸਿਰੇ ਤੋਂ ਸੰਚਾਰ ਸ਼ੁਰੂ ਕਰਨ  ਨੂੰ ਕਿਹਾ ਹੈ ਅਤੇ ਕਿਹਾ ਕਿ ਉਹ ਇਸ ਮਾਮਲੇ  ਨਿਗਰਾਨੀ ਕਰ ਰਹੇ ਹਨ । 
       ਸੰਯੁਕਤ ਰਾਸ਼ਟਰ ਦੇ ਇਹਨਾਂ 10 ਮਾਹਿਰਾਂ ਵਿੱਚ ਤਸ਼ੱਦਦ, ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਘੱਟ ਗਿਣਤੀ ਮੁੱਦਿਆਂ, ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਮੌਲਿਕ ਅਧਿਕਾਰਾਂ ਦੇ ਪ੍ਰਚਾਰ ਅਤੇ ਸੁਰੱਖਿਆ, ਰਾਏ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੇ ਪ੍ਰਚਾਰ ਅਤੇ ਸੁਰੱਖਿਆ, ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਸਥਿਤੀ ਅਤੇ ਮਨਮਾਨੀ ਨਜ਼ਰਬੰਦੀ 'ਤੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੇ ਚਾਰ ਮੈਂਬਰ ਹਨ।
        ਜੌਹਲ ਦੀ ਕੈਦ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ 2022 ਵਿੱਚ ਵੀ ਮਨਮਾਨੀ ਨਾਲ ਨਜ਼ਰਬੰਦ ਕੀਤਾ ਗਿਆ ਦੱਸਿਆ ਸੀ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਸਨ।
        ਜਿਕਰਯੋਗ ਹੈ ਕਿ ਜੌਹਲ ਨੂੰ 2017 ਵਿੱਚ ਉਸਦੇ ਵਿਆਹ ਤੋਂ ਕੁਝ ਹਫ਼ਤੇ ਬਾਅਦ ਜਲੰਧਰ ਵਿੱਚ ਖਰੀਦਾਰੀ ਕਰਦੇ ਸਮੇਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਹੀ ਉਸਨੂੰ ਨਜ਼ਰਬੰਦ ਰੱਖਿਆ ਜਾ ਰਿਹਾ ਹੈ।