ਪਹਿਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ ਵਿੱਚ ਭਾਰਤੀ ਕਾਰੋਬਾਰੀਆਂ, ਖਿਡਾਰੀਆਂ ਦੀ ਭਾਗੀਦਾਰੀ , ਕ੍ਰਿਸ ਗੇਲ ਹੋਣਗੇ ਭਾਰਤੀ ਕੰਪਨੀ ਦੇ ਗਲਾਸਗੋ ਟੀਮ ਦੇ ਹਿੱਸੇਦਾਰ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਵੈਸਟ ਇੰਡੀਜ਼ ਦੇ ਪ੍ਰਸਿੱਧ ਸਾਬਕਾ ਖਿਡਾਰੀ ਕ੍ਰਿਸ ਗੇਲ ਨੂੰ ਇਸ ਸਾਲ ਗਰਮੀਆਂ ਵਿੱਚ ਹੋਣ ਵਾਲੀ ਪਹਿਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ (ETPL) ਵਿੱਚ ਹਿੱਸਾ ਲੈਣ ਵਾਲੀ ਗਲਾਸਗੋ ਦੀ ਟੀਮ ਦੀ ਫਰੈਂਚਾਇਜ਼ੀ ਦੇ ਸਹਿ-ਮਾਲਕ ਵਜੋਂ ਐਲਾਨਿਆ ਗਿਆ ਹੈ। ਗੇਲ ਨੇ ਭਾਰਤ ਦੇ ਕਾਰੋਬਾਰੀ ਮੁਗਾਫੀ ਗਰੁੱਪ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਨੇ ਗਲਾਸਗੋ ਮੁਗਾਫੀਅਨਜ਼ ਟੀਮ ਨੂੰ ਖ਼ਰੀਦਿਆ ਹੈ। ਮੁਗਾਫੀ ਗਰੁੱਪ ਦੇ ਮਾਲਕ ਭਾਰਤ ਦੇ ਵਿਪੁਲ ਅਗਰਵਾਲ ਹਨ। 
       ਯੂਰਪੀਅਨ  ਟੀ20 ਪ੍ਰੀਮੀਅਰ ਲੀਗ 2026 ਵਿੱਚ ਕੁੱਲ ਛੇ ਟੀਮਾਂ ਹਨ, ਜਿਨ੍ਹਾਂ ਵਿੱਚ ਨੀਦਰਲੈਂਡ(ਹਾਲੈਂਡ) ਦੀਆਂ ਦੋ ਟੀਮਾਂ ਆਮਸਟਰਡਮ ਫਲੇਮਜ਼ ਅਤੇ ਰੌਟਰਡਮ ਹਨ, ਸਕਾਟਲੈਂਡ ਦੀਆਂ ਦੋ ਟੀਮਾਂ ਗਲਾਸਗੋ ਮੁਗਾਫੀਅਨਜ ਅਤੇ ਐਡਨਬਰਾ ਕੈਸਲ ਰੌਕਰਜ, ਉੱਤਰੀ ਆਇਰਲੈਂਡ ਦੀ ਆਇਰਸ਼ ਵੋਲਵਜ਼ ਅਤੇ ਰਿਪਬਲਿਕ ਆਫ ਆਇਰਲੈਂਡ ਦੀ ਡਬਲਿਨ ਦੀ ਟੀਮ ਸ਼ਾਮਿਲ ਹਨ। 
     ਜਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿਡ ਅਤੇ ਰਵੀਚੰਦਰਨ ਆਸ਼ਵਿਨ ਭਾਰਤੀ ਨਿਵੇਸ਼ਕਾਂ ਦੇ ਤੌਰ &rsquoਤੇ ਡਬਲਿਨ ਫ੍ਰੈਂਚਾਈਜ਼ ਨਾਲ ਜੁੜੇ ਹਨ। ਆਸ਼ਵਿਨ ਲੀਗ ਵਿੱਚ ਵਿੱਤੀ ਭਾਗੀਦਾਰ ਹਨ, ਰਾਹੁਲ ਦ੍ਰਾਵਿਡ ਇੱਕ ਮੈਨੇਜਮੈਂਟ ਰੋਲ ਨਿਭਾ ਰਹੇ ਹਨ। ਇਸ ਦੇ ਨਾਲ ਹੀ ਫਿਲਮ ਸਟਾਰ ਅਭਿਸ਼ੇਕ ਬੱਚਨ ਲੀਗ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਭੂਮਿਕਾ ਲੀਗ ਦੀ ਸ਼ੁਰੂਆਤ ਅਤੇ ਮਾਰਕੀਟਿੰਗ ਵਿੱਚ ਬਹੁਤ ਮੁੱਖ ਹੈ।
        ਯੂਰਪੀਨ ਟੀ20 ਪ੍ਰੀਮੀਅਰ ਲੀਗ 2026 ਵਿੱਚ ਆਸਟ੍ਰੇਲੀਆਈ ਖਿਡਾਰੀਆਂ ਦੀ ਖਾਸ ਭਾਗੀਦਾਰੀ ਹੈ। ਮਿਸ਼ਲ ਮਾਰਸ਼ ਨੂੰ ਐਮਸਟਰਡਮ ਫਲੇਮਜ਼ ਦਾ ਕੈਪਟਨ ਬਣਾਇਆ ਗਿਆ ਹੈ, ਜਦਕਿ ਗਲੇਨ ਮੈਕਸਵੈਲ ਨੇ ਆਈਰਿਸ਼ ਵੋਲਵਜ਼ ਨੂੰ ਕੋ-ਓਨਰ ਦੇ ਤੌਰ &rsquoਤੇ ਖਰੀਦਿਆ ਹੈ। ਇਸ ਲੀਗ ਵਿੱਚ ਹੋਰ ਆਸਟ੍ਰੇਲੀਆਈ ਸਿਤਾਰੇ ਵੀ ਫ੍ਰੈਂਚਾਈਜ਼ੀਆਂ ਨਾਲ ਖੇਡਣਗੇ।
       ਐਡਿਨਬਰਗ ਕੈਸਲ ਰੌਕਰਜ਼ ਯੂਰਪੀਨ ਟੀ20 ਪ੍ਰੀਮੀਅਰ ਲੀਗ 2026 ਦੀ ਇੱਕ ਟੀਮ ਹੈ, ਜੋ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿੱਚ ਆਧਾਰਿਤ ਹੈ। ਇਸ ਟੀਮ ਦੇ ਮਾਲਕ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੇਥਨ ਮਕਕੱਲਮ ਅਤੇ ਕਾਇਲ ਮਿਲਜ਼ ਹਨ। ਨਿਊਜ਼ੀਲੈਂਡ ਦੇ ਹੀ ਸੈਟਨਰ ਟੀਮ ਦੇ ਕਪਤਾਨ ਹੋਣਗੇ ।
          ਯੂਰਪੀਨ ਟੀ20 ਪ੍ਰੀਮੀਅਰ ਲੀਗ 2026 ਦਾ ਪਹਿਲਾ ਸੀਜ਼ਨ 26 ਅਗਸਤ 2026 ਤੋਂ 20 ਸਤੰਬਰ 2026 ਤੱਕ ਖੇਡਿਆ ਜਾਵੇਗਾ ।