ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਅਦਾਲਤ ਅੰਦਰ ਕੀਤਾ ਗਿਆ ਪੇਸ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਅਤੇ ਮੰਡੋਲੀ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰਾਂ ਨੂੰ ਉਨ੍ਹਾਂ ਉਪਰ ਆਰਐਸਐਸ ਕਾਰਕੁਨ੍ਹਾਂ ਦੇ ਕਤਲ ਵਿਚ ਨਾਮਜਦ ਕੀਤੇ ਗਏ 8 ਕੇਸਾਂ ਅਧੀਨ ਦਿੱਲੀ ਦੀ ਇਕ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ 23 ਤਰੀਕ ਨੂੰ ਪੇਸ਼ ਕੀਤਾ ਗਿਆ । ਜਦਕਿ ਇਸ ਤੋਂ ਪਹਿਲਾਂ 21 ਅਤੇ 22 ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਧਰਮਿੰਦਰ ਗੁਗਨੀ ਨੂੰ ਪਟਿਆਲਾ ਦੀ ਜੇਲ੍ਹ ਤੋਂ ਪ੍ਰਵੇਸ਼ ਤਿਹਾੜ ਜੇਲ੍ਹ ਤੋਂ ਆਸ਼ਿਸ਼ ਕੁਮਾਰ ਸੰਗਰੂਰ ਜੇਲ੍ਹ ਤੋਂ ਅਤੇ ਜਮਾਨਤ ਤੇ ਚਲ ਰਹੇ ਪਹਾੜ ਸਿੰਘ, ਜਾਵੇਦ, ਮਲੂਕ, ਅਨਿਲ ਕਾਲਾ, ਰਵੀਪਾਲ, ਜਾਵੇਦ, ਅਰਸ਼ਦਅਲੀ ਨਿੱਜੀ ਤੌਰ ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸੀ। ਇਹ ਉਨ੍ਹਾਂ ਦੀ ਅਦਾਲਤ ਅੰਦਰ 68 ਵੀ ਟ੍ਰਾਇਲ ਪੇਸ਼ੀ ਸੀ। ਬੰਦੀ ਸਿੰਘਾਂ ਵਲੋਂ ਅਦਾਲਤ ਅੰਦਰ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਅਦਾਲਤ ਅੰਦਰ ਤਿੰਨੋ ਦਿਨ ਇਕ ਇਕ ਗਵਾਹ ਪੇਸ਼ ਹੋਇਆ ਜੋ ਕਿ ਬੱਗਾ ਅਤੇ ਸ਼ੇਰਾ ਨਾਲ ਸੰਬੰਧਿਤ ਸੀ ਤੇ ਕੁਲ ਮਿਲਾ ਕੇ ਇਸ ਮਾਮਲੇ ਵਿਚ 40 ਗਵਾਹ ਭੁਗਤ ਚੁੱਕੇ ਹਨ । ਇਥੇ ਧਿਆਨ ਦੇਣ ਯੋਗ ਹੈ ਕਿ ਅੱਜ 3092 ਦਿਨ ਬੀਤ ਜਾਣ ਮਗਰੋਂ ਵੀ ਜੱਗੀ ਵਿਰੁੱਧ ਅਦਾਲਤ ਅੰਦਰ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ ਤੇ ਵਿਦੇਸ਼ ਦੀਆਂ ਜੱਥੇਬੰਦੀਆਂ ਵਲੋਂ ਲਗਾਤਾਰ ਜੱਗੀ ਜੋਹਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ । ਅਦਾਲਤ ਅੰਦਰ ਚਲ ਰਹੇ ਮਾਮਲੇਆ ਨੂੰ ਜਲਦ ਖ਼ਤਮ ਕਰਣ ਲਈ 21-22 ਅਤੇ 23 ਅਪ੍ਰੈਲ ਨੂੰ ਲਗਾਤਾਰ ਸੁਣਵਾਈ ਕੀਤੀ ਗਈ ਸੀ ਪਰ 24 ਅਪ੍ਰੈਲ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਜਿਸ ਕਰਕੇ ਅਗਲੀ ਸੁਣਵਾਈ 20 ਮਈ ਲਈ ਮੁਕਰਰ ਕੀਤੀ ਗਈ ਹੈ।